ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲੇਗਾ ਸਥਾਈ ਚੀਫ਼ ਜਸਟਿਸ, ਜਸਟਿਸ ਮਿਸ਼ਰਾ ਦੇ ਨਾਮ ਦੀ ਸਿਫਾਰਸ਼
ਸੁਪਰੀਮ ਕੋਰਟ ਕਾਲਜੀਅਮ ਨੇ ਦੇਸ਼ ਦੀਆਂ ਚਾਰ ਪ੍ਰਮੁੱਖ ਹਾਈ ਕੋਰਟਾਂ ਲਈ ਨਵੇਂ ਮੁੱਖ ਜੱਜਾਂ ਦੀ ਨਿਯੁਕਤੀ ਸਬੰਧੀ ਚਾਰ ਸੀਨੀਅਰ ਹਾਈ ਕੋਰਟ ਜੱਜਾਂ ਦੇ ਨਾਮਾਂ ਦੀ ਰਸਮੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿੱਚ ਬੰਬੇ, ਕਲਕੱਤਾ, ਪਟਨਾ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜਾਂ ਦੀ ਨਿਯੁਕਤੀ ਨਾਲ ਸਬੰਧਤ ਪ੍ਰਸਤਾਵ ਸ਼ਾਮਲ ਹਨ। ਇਸ ਸਬੰਧੀ ਵਿਚਾਰ-ਵਟਾਂਦਰੇ ਲਈ ਕਾਲਜੀਅਮ ਦੀ ਬੈਠਕ 6 ਅਗਸਤ ਨੂੰ ਹੋਈ ਸੀ। ਇਸ ਸਿਫਾਰਸ਼ ਤਹਿਤ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦਾ ਨਾਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਥਾਈ ਮੁੱਖ ਜੱਜ ਵਜੋਂ ਨਿਯੁਕਤੀ ਲਈ ਭੇਜਿਆ ਗਿਆ ਹੈ। ਜਸਟਿਸ ਮਿਸ਼ਰਾ ਦਾ ਮੂਲ ਹਾਈ ਕੋਰਟ ਇਲਾਹਾਬਾਦ ਹੈ ਅਤੇ ਉਹ ਇਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਾਰਜਕਾਰੀ ਮੁੱਖ ਜੱਜ ਵਜੋਂ ਸੇਵਾਵਾਂ ਨਿਭਾ ਰਹੇ ਹਨ। ਕਾਲਜੀਅਮ ਦੀ ਸਿਫਾਰਸ਼ ਤੋਂ ਬਾਅਦ ਕੀ ਹੋਵੇਗੀ ਪ੍ਰਕਿਰਿਆ? ਕਾਲਜੀਅਮ ਵੱਲੋਂ ਰਸਮੀ ਸਿਫਾਰਸ਼ ਕੀਤੇ ਜਾਣ ਤੋਂ ਬਾਅਦ ਨਿਯੁਕਤੀ ਦੀ ਪ੍ਰਕਿਰਿਆ ਸੰਵਿਧਾਨਕ ਨਿਯਮਾਂ ਅਨੁਸਾਰ ਅੱਗੇ ਵਧੇਗੀ। ਅਧਿਕਾਰਤ ਸਿਫਾਰਸ਼ਾਂ ਨੂੰ ਪ੍ਰਸ਼ਾਸਕੀ ਕਾਰਵਾਈ ਅਤੇ ਮਨਜ਼ੂਰੀ ਲਈ ਕਾਨੂੰਨ ਅਤੇ ਨਿਆਂ ਮੰਤਰਾਲੇ ਕੋਲ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਪ੍ਰਸਤਾਵ ਅੰਤਿਮ ਕਾਰਜਕਾਰੀ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਦਫ਼ਤਰ (PMO) ਰਾਹੀਂ ਅੱਗੇ ਭੇਜੇ ਜਾਂਦੇ ਹਨ। ਮਨਜ਼ੂਰੀ ਮਿਲਣ ਉਪਰੰਤ ਭਾਰਤ ਦੇ ਰਾਸ਼ਟਰਪਤੀ ਸੰਵਿਧਾਨ ਦੇ ਅਨੁਛੇਦ 217 ਤਹਿਤ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਸਬੰਧਤ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕਰਦੇ ਹਨ। ਨਿਯੁਕਤੀ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਥਾਈ ਮੁੱਖ ਜੱਜ ਵਜੋਂ ਸਹੁੰ ਚੁੱਕਣਗੇ।
Posted By: Daily Suraj Bureau