ਆਰਥਿਕ ਸੰਕਟ ਦੀ ਮਾਰ: ਰਿਆਲ ਦੀ ਕੀਮਤ ਡਿੱਗੀ, ਇਰਾਨ ’ਚ ਮਹਿੰਗਾਈ ਵਧੀ
ਇੰਟਰਨੈੱਟ ਬਲੈਕਆਊਟ, ਹਿੰਸਾ ਪ੍ਰਦਰਸ਼ਨਾਂ ਵਿੱਚ 6000 ਤੋਂ ਵੱਧ ਮੌਤਾਂ Iran Crisis: ਇਰਾਨ ਵਿੱਚ ਆਰਥਿਕ ਤੰਗੀ ਕਾਰਨ ਭੜਕੀ ਹਿੰਸਾ ਅਤੇ ਪ੍ਰਦਰਸ਼ਨਾਂ ਨੇ ਭਿਆਨਕ ਰੂਪ ਧਾਰ ਲਿਆ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ’ (HRANA) ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਇਰਾਨੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਮਰਨ ਵਾਲਿਆਂ ਵਿੱਚ 86 ਬੱਚੇ ਅਤੇ 49 ਅਜਿਹੇ ਨਾਗਰਿਕ ਸ਼ਾਮਲ ਹਨ ਜੋ ਪ੍ਰਦਰਸ਼ਨਾਂ ਦਾ ਹਿੱਸਾ ਵੀ ਨਹੀਂ ਸਨ। ਹੁਣ ਤੱਕ 41,800 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਰਾਨੀ ਪ੍ਰਸ਼ਾਸਨ ਨੇ ਦੇਸ਼ ਵਿੱਚ ਇਤਿਹਾਸ ਦੀ ਸਭ ਤੋਂ ਸਖ਼ਤ ‘ਇੰਟਰਨੈੱਟ ਬਲੈਕਆਊਟ’ ਲਗਾਈ ਹੋਈ ਹੈ, ਤਾਂ ਜੋ ਅੰਦਰੂਨੀ ਖ਼ਬਰਾਂ ਵਿਸ਼ਵ ਤੱਕ ਨਾ ਪਹੁੰਚ ਸਕਣ। ਹਾਲਾਂਕਿ ਸਰਕਾਰ ਮੌਤਾਂ ਦੀ ਗਿਣਤੀ ਸਿਰਫ਼ 3,117 ਦੱਸ ਰਹੀ ਹੈ ਪਰ ਕਾਰਕੁਨਾਂ ਦਾ ਕਹਿਣਾ ਹੈ ਕਿ ਅਸਲ ਅੰਕੜਾ ਕਿਤੇ ਜ਼ਿਆਦਾ ਖ਼ੌਫ਼ਨਾਕ ਹੈ। Advertisement ਇਸ ਦੇ ਨਾਲ ਹੀ, ਇਰਾਨ ਦੀ ਕਰੰਸੀ ‘ਰਿਆਲ’ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ (15 ਲੱਖ ਰਿਆਲ ਪ੍ਰਤੀ ਡਾਲਰ) ’ਤੇ ਪਹੁੰਚ ਗਈ ਹੈ, ਜਿਸ ਨੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ। ਰਿਆਲ ਦੀ ਕੀਮਤ ਪਿਛਲੇ 10 ਸਾਲਾਂ ਵਿੱਚ 32,000 ਤੋਂ ਡਿੱਗ ਕੇ 15 ਲੱਖ ਪ੍ਰਤੀ ਡਾਲਰ ਤੱਕ ਪਹੁੰਚ ਗਈ ਹੈ। ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰ ਨੇ ਕਰੰਸੀ ਸਬਸਿਡੀਆਂ ਖ਼ਤਮ ਕਰ ਦਿੱਤੀਆਂ ਹਨ ਅਤੇ ਬਦਲੇ ਵਿੱਚ ਲੋਕਾਂ ਨੂੰ ਮਹੀਨਾਵਾਰ ਸਿਰਫ਼ 7 ਡਾਲਰ ਦੇ ਕਰੀਬ ਸਹਾਇਤਾ ਦਿੱਤੀ ਜਾ ਰਹੀ ਹੈ, ਜੋ ਵਧਦੀ ਮਹਿੰਗਾਈ ਦੇ ਸਾਹਮਣੇ ਨਿਗੂਣੀ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਜਨਤਾ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ, ਜੋ ਕਿਸੇ ਵੀ ਸਮੇਂ ਵੱਡੀ ਬਗਾਵਤ ਦਾ ਰੂਪ ਲੈ ਸਕਦਾ ਹੈ। Advertisement ਦੂਜੇ ਪਾਸੇ, ਅਮਰੀਕਾ ਅਤੇ ਇਰਾਨ ਵਿਚਾਲੇ ਫੌਜੀ ਟਕਰਾਅ ਦਾ ਖਤਰਾ ਵਧ ਗਿਆ ਹੈ। ਅਮਰੀਕੀ ਜੰਗੀ ਬੇੜਾ USS ਅਬ੍ਰਾਹਮ ਲਿੰਕਨ ਆਪਣੇ ਵਿਨਾਸ਼ਕਾਰੀ ਜਹਾਜ਼ਾਂ ਸਮੇਤ ਮੱਧ ਪੂਰਬ ਪਹੁੰਚ ਚੁੱਕਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਫੌਜੀ ਕਾਰਵਾਈ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਇਰਾਨ ਪੱਖੀ ਅਤਿਵਾਦੀ ਸਮੂਹਾਂ ਨੇ ਵੀ ਜਵਾਬੀ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ। ਇਰਾਨ ਨੇ ਇਨ੍ਹਾਂ ਪ੍ਰਦਰਸ਼ਨਾਂ ਲਈ ਬਾਹਰੀ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਡਿੱਗਦੀ ਆਰਥਿਕਤਾ ਅਤੇ ਕੌਮਾਂਤਰੀ ਪਾਬੰਦੀਆਂ ਨੇ ਇਰਾਨ ਨੂੰ ਅਜਿਹੇ ਮੋੜ ’ਤੇ ਲਿਆ ਦਿੱਤਾ ਹੈ ਜਿੱਥੇ ਕੋਈ ਵੀ ਚੰਗਿਆੜੀ ਪੂਰੇ ਖੇਤਰ ਨੂੰ ਭਿਆਨਕ ਜੰਗ ਵਿੱਚ ਝੋਕ ਸਕਦੀ ਹੈ।
Posted By: Daily Suraj Bureau