Daily Suraj

ਪੰਜਾਬੀ

‘ਮਿਸ਼ਨ ਕਲੀਨ ਪੰਜਾਬ’ ਦੀ ਸ਼ੁਰੂਆਤ, 10 ਦਿਨਾਂ ਤੱਕ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ

29 Aug, 2026 08:27 PM

ਸਾਫ਼ ਅਤੇ ਹਰਾ ਪੰਜਾਬ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ‘ਮਿਸ਼ਨ ਕਲੀਨ ਪੰਜਾਬ’ ਨਾਮਕ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਥਾਪਰ ਚੌਕ ਵਿੱਚ ਖੁਦ ਸਫਾਈ ਕਰਕੇ ਇਸ ਮੁਹਿੰਮ ਦਾ ਉਦਘਾਟਨ ਕੀਤਾ। ਸਰਕਾਰ ਮੁਤਾਬਕ ਇਹ ਵਿਸ਼ੇਸ਼ ਮੁਹਿੰਮ 29 ਅਗਸਤ ਤੋਂ 7 ਸਤੰਬਰ ਤੱਕ 10 ਦਿਨ ਚੱਲੇਗੀ। ਇਸ ਦੌਰਾਨ ਸੂਬੇ ਭਰ ਵਿੱਚ ਉਨ੍ਹਾਂ ਥਾਵਾਂ ’ਤੇ ਵਿਸ਼ੇਸ਼ ਸਫਾਈ ਕੀਤੀ ਜਾਵੇਗੀ, ਜਿੱਥੇ ਅਕਸਰ ਕੂੜਾ ਇਕੱਠਾ ਹੁੰਦਾ ਹੈ। ਮੁਹਿੰਮ ਦਾ ਮੁੱਖ ਮਕਸਦ ਗਾਰਬੇਜ ਵਲਨਰੇਬਲ ਪੁਆਇੰਟਸ (GVPs) ਨੂੰ ਖ਼ਤਮ ਕਰਨਾ ਅਤੇ ਭਵਿੱਖ ਵਿੱਚ ਇਨ੍ਹਾਂ ਥਾਵਾਂ ’ਤੇ ਮੁੜ ਕੂੜਾ ਇਕੱਠਾ ਹੋਣ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕਣਾ ਹੈ। ਮੁਹਿੰਮ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਫਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ’ਤੇ ਪਏ ਕੂੜੇ ਦੇ ਢੇਰਾਂ ਨੂੰ ਹਟਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ‘ਐਮ ਸੇਵਾ’ ਐਪ ਰਾਹੀਂ ਲੋਕ ਵੀ ਕਰ ਸਕਣਗੇ ਸ਼ਿਕਾਇਤ ਪੰਜਾਬ ਸਰਕਾਰ ਦੀ ‘ਐਮ ਸੇਵਾ’ ਐਪ ਰਾਹੀਂ ਨਾਗਰਿਕ ਵੀ ਆਪਣੇ ਇਲਾਕੇ ਵਿੱਚ ਮੌਜੂਦ GVPs ਦੀਆਂ ਤਸਵੀਰਾਂ ਅਪਲੋਡ ਕਰਕੇ ਮੁਹਿੰਮ ਵਿੱਚ ਹਿੱਸਾ ਲੈ ਸਕਣਗੇ। ਹਰ ਸ਼ਿਕਾਇਤ ਲਈ ਵੱਖਰੀ ID ਤਿਆਰ ਕੀਤੀ ਜਾਵੇਗੀ। ਇਸ ਰਾਹੀਂ ਨਾਗਰਿਕ ਆਪਣੀ ਸ਼ਿਕਾਇਤ ਦੀ ਸਥਿਤੀ ਨੂੰ ਟਰੈਕ ਕਰ ਸਕਣਗੇ ਅਤੇ ਸਬੰਧਤ ਸਥਾਨ ਦੀ ਸਫਾਈ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮੁਹਿੰਮ ਦਾ ਉਦੇਸ਼ ਹਰ ਸ਼ਹਿਰ ਅਤੇ ਕਸਬੇ ਵਿੱਚ ਕੂੜਾ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਮੁਕੰਮਲ ਸਫਾਈ ਕਰਨਾ ਹੈ। ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰ ਵਿੱਚ 600 ਅਤੇ ਪਟਿਆਲਾ ਵਿੱਚ ਲਗਭਗ 450 GVPs ਦੀ ਪਛਾਣ ਕੀਤੀ ਗਈ ਹੈ। ਰੋਜ਼ਾਨਾ ਜ਼ਮੀਨੀ ਪੱਧਰ ’ਤੇ ਹੋਵੇਗੀ ਨਿਗਰਾਨੀ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਮੁਹਿੰਮ ਦੇ ਅਗਲੇ 10 ਦਿਨਾਂ ਦੌਰਾਨ ਸਾਰੇ ਵਿਧਾਇਕ ਅਤੇ ਅਧਿਕਾਰੀ ਹਰ ਰੋਜ਼ ਸਵੇਰੇ ਜ਼ਮੀਨੀ ਪੱਧਰ ’ਤੇ ਨਿਰੀਖਣ ਕਰਨਗੇ ਅਤੇ GVPs ਨੂੰ ਖ਼ਤਮ ਕਰਨ ਲਈ ਕੰਮ ਕਰਨਗੇ। ਪੂਰੀ ਮੁਹਿੰਮ ਦੀ ਨਿਗਰਾਨੀ ਇੱਕ ਸਮਰਪਿਤ ਢਾਂਚੇ ਰਾਹੀਂ ਕੀਤੀ ਜਾਵੇਗੀ। ਇਸ ਦੇ ਤਹਿਤ ਹਰੇਕ ਨਗਰ ਨਿਗਮ ਅਤੇ ਨਗਰ ਕੌਂਸਲ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਹ ਟੀਮਾਂ ਪਛਾਣੇ ਗਏ ਕੂੜਾ ਸਥਾਨਾਂ ਦਾ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਕੰਮ ਕਰਨਗੀਆਂ।

Posted By: Daily Suraj Bureau

Latest News