Daily Suraj

ਪੰਜਾਬੀ

ਐੱਨਡੀਪੀ ਵਿਧਾਇਕ ਦਿਲਜੀਤ ਬਰਾੜ ਦੀ ਪਹਿਲ: ਮੈਨੀਟੋਬਾ ਅਸੈਂਬਲੀ 'ਚ ਨਸਲਵਾਦ ਅਤੇ ਧਾਰਮਿਕ ਵਿਤਕਰੇ ਵਿਰੁੱਧ ਮਤਾ ਪ੍ਰਵਾਨ

16 Oct, 2026 09:25 AM

ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਵਿਧਾਨ ਸਭਾ ਨੇ ਸਿੱਖ ਭਾਈਚਾਰੇ ਵਿਰੁੱਧ ਵਧ ਰਹੇ ਨਫ਼ਰਤੀ ਪ੍ਰਚਾਰ, ਨਸਲਵਾਦ ਅਤੇ ਧਾਰਮਿਕ ਵਿਤਕਰੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇੱਕ ਇਤਿਹਾਸਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। “ਸਟੈਂਡਿੰਗ ਅੱਪ ਅਗੇਂਸਟ ਐਂਟੀ-ਸਿੱਖ ਹੇਟ” (Standing Up Against Anti-Sikh Hate) ਨਾਂ ਦਾ ਇਹ ਮਤਾ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਸਥਾਨਕ ਵਿਧਾਇਕ ਦਿਲਜੀਤ ਬਰਾੜ ਵੱਲੋਂ ਸੂਬਾਈ ਅਸੈਂਬਲੀ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਪ੍ਰਵਾਨਿਤ ਮਤੇ ਵਿੱਚ ਸਿੱਖ ਭਾਈਚਾਰੇ ਦੁਆਰਾ ਮੈਨੀਟੋਬਾ ਅਤੇ ਕੈਨੇਡਾ ਦੇ ਵਿਕਾਸ ਵਿੱਚ ਪਾਏ ਅਤੁਲ ਅਮੀਰ ਯੋਗਦਾਨ ਦੀ ਪੂਰੀ ਸ਼ਲਾਘਾ ਕੀਤੀ ਗਈ ਹੈ। ਮਤੇ ਦੌਰਾਨ ਸਿਹਤ, ਸਿੱਖਿਆ, ਰਾਜਨੀਤੀ, ਖੇਡਾਂ, ਵਿਗਿਆਨ ਅਤੇ ਜਨਤਕ ਸੇਵਾਵਾਂ ਦੇ ਖੇਤਰਾਂ ਵਿੱਚ ਸਿੱਖਾਂ ਵੱਲੋਂ ਨਿਭਾਈ ਗਈ ਪ੍ਰਮੁੱਖ ਭੂਮਿਕਾ ਨੂੰ ਵਿਸ਼ੇਸ਼ ਤੌਰ 'ਤੇ ਰੇਖਾਂਕਿਤ ਕੀਤਾ ਗਿਆ। ਨਫ਼ਰਤੀ ਘਟਨਾਵਾਂ 'ਤੇ ਚਿੰਤਾ ਅਤੇ ਬਰਾਬਰੀ ਦਾ ਸੰਦੇਸ਼ ਮਤੇ ਵਿੱਚ ਹਾਲ ਹੀ ਦੌਰਾਨ ਵਿਨੀਪੈਗ ਵਿਖੇ ਸਾਲਾਨਾ ਨਗਰ ਕੀਰਤਨ ਤੋਂ ਪਹਿਲਾਂ ਵਾਪਰੀਆਂ ਸਿੱਖ ਵਿਰੋਧੀ ਗ੍ਰੈਫ਼ਿਟੀ (ਨਫ਼ਰਤੀ ਲਿਖਤਾਂ) ਅਤੇ ਹੋਰ ਨਫ਼ਰਤੀ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਗਈ। ਵਿਧਾਨ ਸਭਾ ਦੀ ਇਸ ਇਤਿਹਾਸਕ ਕਾਰਵਾਈ ਦੇ ਗਵਾਹ ਬਣਨ ਲਈ ਵੱਖ-ਵੱਖ ਭਾਈਚਾਰਿਆਂ ਦੇ ਲਗਭਗ 75 ਪ੍ਰਮੁੱਖ ਵਿਅਕਤੀ ਵਿਸ਼ੇਸ਼ ਤੌਰ 'ਤੇ ਦਰਸ਼ਕ ਗੈਲਰੀ ਵਿੱਚ ਮੌਜੂਦ ਸਨ। ਇਸ ਮਤੇ ਰਾਹੀਂ ਸੂਬਾ ਸਰਕਾਰ ਅਤੇ ਅਸੈਂਬਲੀ ਨੇ ਹਰੇਕ ਨਾਗਰਿਕ ਲਈ ਬਰਾਬਰੀ, ਆਪਸੀ ਸਤਿਕਾਰ ਅਤੇ ਇੱਕ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦਾ ਸਪੱਸ਼ਟ ਸੰਦੇਸ਼ ਦਿੱਤਾ ਹੈ। ਦਿਲਜੀਤ ਬਰਾੜ ਦਾ ਪਹਿਲਾ ਯੋਗਦਾਨ ਜ਼ਿਕਰਯੋਗ ਹੈ ਕਿ ਵਿਧਾਇਕ ਦਿਲਜੀਤ ਬਰਾੜ ਵੱਲੋਂ ਇਸ ਤੋਂ ਪਹਿਲਾਂ ਪੇਸ਼ ਕੀਤੇ ਗਏ ‘ਟਰਬਨ ਡੇ ਐਕਟ’ (Turban Day Act) ਨੂੰ ਵੀ ਮੈਨੀਟੋਬਾ ਅਸੈਂਬਲੀ ਵੱਲੋਂ ਸ਼ਾਹੀ ਮਨਜ਼ੂਰੀ (Royal Assent) ਮਿਲ ਚੁੱਕੀ ਹੈ। ਇਸ ਕਾਨੂੰਨ ਦੇ ਤਹਿਤ ਹਰ ਸਾਲ 13 ਅਪ੍ਰੈਲ ਨੂੰ ਮੈਨੀਟੋਬਾ ਵਿੱਚ ਅਧਿਕਾਰਤ ਤੌਰ 'ਤੇ 'ਟਰਬਨ ਡੇ' (ਦਸਤਾਰ ਦਿਵਸ) ਵਜੋਂ ਮਨਾਇਆ ਜਾਂਦਾ ਹੈ।

Latest News