Daily Suraj

ਪੰਜਾਬੀ

ਸੁਨਾਮ 'ਚ ਕਿਸਾਨ ਸੰਘਰਸ਼ ਦੀ ਗੂੰਜ 17ਵੇਂ ਦਿਨ ਵੀ ਦਿੱਤੀ ਸੁਣਾਈ, ਕਿਸਾਨਾਂ ਨੇ ਮੋਦੀ ਦੇ ਪੁਤਲੇ ਫੂਕ ਕੇ ਕੱਢੀ ਭੜਾਸ

17 Oct, 2020 05:30 AM

ਸੁਨਾਮ ਊਧਮ ਸਿੰਘ ਵਾਲਾ, 17 ਅਕਤੂਬਰ ( ਜਗਸੀਰ ਲੋਂਗੋਵਾਲ )- ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿੱਢਿਆ ਗਿਆ ਕਿਸਾਨ ਸੰਘਰਸ਼ ਸਤਾਰ੍ਹਵੇਂ ਦਿਨ ਵੀ ਮਘਿਆ।ਜਥੇਬੰਦੀ ਵਲੋਂ ਚੋਣਵੇਂ ਭਾਜਪਾ ਆਗੂਆਂ ਦੇ ਕਾਰੋਬਾਰੀ ਟਿਕਾਣਿਆਂ ਨੂੰ ਘੇਰਨ ਦੀ ਮੁਹਿੰਮ ਤਹਿਤ ਅੱਜ ਸੈਂਕੜਿਆਂ ਦੀ ਗਿਣਤੀ 'ਚ ਕਿਸਾਨਾਂ ਵਲੋਂ ਸੁਨਾਮ ਸ਼ਹਿਰ 'ਚ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਦੇ ਘਰ ਅਤੇ ਜ਼ਿਲ੍ਹਾ ਪ੍ਰਧਾਨ ਦੀ ਗੈਸ ਏਜੰਸੀ ਦੇ ਦਫ਼ਤਰ ਤੋਂ ਇਲਾਵਾ ਰਿਲਾਇੰਸ ਅਤੇ ਐਸ. ਆਰ. ਪੈਟਰੋਲ ਪੰਪਾਂ ਅੱਗੇ ਪੱਕਾ ਮੋਰਚਾ ਲਾਇਆ ਗਿਆ। ਇਸ ਮੌਕੇ ਰੋਹ 'ਚ ਆਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕੇ।ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਆਦਿ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਵੇਂ ਕੇਂਦਰ ਸਰਕਾਰ ਅਜੇ ਟੱਸ ਤੋਂ ਮੱਸ ਨਹੀ ਹੋ ਰਹੀ, ਸਗੋਂ ਭਾਜਪਾ ਆਗੂ ਸੂਬਾ ਵਾਸੀਆਂ ਨੂੰ ਗੁਮਰਾਹ ਕਰਨ 'ਚ ਲੱਗੇ ਹੋਏ ਹਨ ਪਰ ਇਸ ਮਸਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੀ ਇਕਮਤ ਹਨ ਅਤੇ ਸਰਕਾਰ ਦੀ ਹੈਂਕੜ ਭੰਨ ਕੇ ਹੀ ਦਮ ਲੈਣਗੀਆਂ।ਇਸ ਮੌਕੇ ਰਾਮਸ਼ਰਨ ਸਿੰਘ ਉਗਰਾਹਾਂ, ਪਾਲ ਸਿੰਘ ਦੌਲਾ ਸਿੰਘ ਵਾਲਾ, ਗੋਬਿੰਦ ਸਿੰਘ ਚੱਠੇ ਨਨਹੇੜ੍ਹਾ, ਅਜੈਬ ਸਿੰਘ ਜਖੇਪਲ, ਮਹਿੰਦਰ ਸਿੰਘ ਨਮੋਲ, ਗੁਰਮੇਲ ਸਿੰਘ ਸ਼ਾਹਪੁਰ ਕਲ੍ਹਾਂ ਅਤੇ ਹੈਪੀ ਨਮੋਲ ਆਦਿ ਮੌਜੂਦ ਸਨ।

Posted By: Daily Suraj Bureau

Latest News