Daily Suraj

ਪੰਜਾਬੀ

ਪੰਜਾਬ ਪੁਲੀਸ ਦੀ ਅੰਤਰਰਾਸ਼ਟਰੀ ਕਾਰਵਾਈ, ਮਲੇਸ਼ੀਆ ਤੋਂ ਲਿਆਂਦੇ KZF ਨਾਲ ਜੁੜੇ ਦੋ ਮੁਲਜ਼ਮ ਕਾਬੂ

19 Jun, 2026 07:24 PM

ਪੰਜਾਬ ਪੁਲੀਸ ਨੇ ਕੇਂਦਰੀ ਏਜੰਸੀਆਂ ਅਤੇ ਰੋਇਲ ਮਲੇਸ਼ੀਆ ਪੁਲੀਸ (RMP) ਦੇ ਸਹਿਯੋਗ ਨਾਲ ਚਲਾਈ ਗਈ ਇੱਕ ਖੁਫ਼ੀਆ ਕਾਰਵਾਈ ਦੌਰਾਨ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨਾਲ ਜੁੜੇ ਦੋ ਲੋੜੀਂਦੇ ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ। ਦੋਵੇਂ ਮੁਲਜ਼ਮਾਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਪਹੁੰਚਦੇ ਹੀ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਜਾਂਚ ਲਈ ਪੰਜਾਬ ਲਿਆਂਦਾ ਗਿਆ। ਪੰਜਾਬ ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਅੰਬਾਲਾ ਅਤੇ ਮਨਜੀਤ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲੀਸ ਦੇ ਮੁਤਾਬਕ ਦੋਵੇਂ ਮਲੇਸ਼ੀਆ ਵਿੱਚ ਸਰਗਰਮ KZF ਸਮਰਥਿਤ ਅਤਿਵਾਦੀ ਮਾਡਿਊਲ ਦੀਆਂ ਅਹਿਮ ਕੜੀਆਂ ਸਨ ਅਤੇ ਪੰਜਾਬ ਵਿੱਚ ਡੈਡੀਕੇਟਿਡ ਫ੍ਰੇਟ ਕੋਰੀਡੋਰ (DFC) ਸਮੇਤ ਮਹੱਤਵਪੂਰਨ ਰੇਲਵੇ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਰਹੇ। ਪੰਜਾਬ ਪੁਲੀਸ ਨੇ ਇਸ ਤੋਂ ਪਹਿਲਾਂ 23 ਜਨਵਰੀ 2026 ਨੂੰ ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇੜੇ ਰੇਲਵੇ ਫ੍ਰੇਟ ਕੋਰੀਡੋਰ ਲਾਈਨ 'ਤੇ ਹੋਏ IED ਧਮਾਕੇ ਅਤੇ 27 ਅਪਰੈਲ 2026 ਨੂੰ ਸ਼ੰਭੂ, ਜ਼ਿਲ੍ਹਾ ਪਟਿਆਲਾ ਨੇੜੇ ਇਸੇ ਕੋਰੀਡੋਰ 'ਤੇ ਧਮਾਕੇ ਦੀ ਕੋਸ਼ਿਸ਼ ਕਰਨ ਵਾਲੇ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਉਸ ਮਾਮਲੇ ਦੀ ਜਾਂਚ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਸੀ, ਜਿਸ ਵਿੱਚ RPG ਲਾਂਚਰ, IED, RDX, ਹੈਂਡ ਗ੍ਰਨੇਡ ਅਤੇ ਆਧੁਨਿਕ ਪਿਸਤੌਲਾਂ ਸ਼ਾਮਲ ਸਨ। ਅਗਲੇਰੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਪੂਰੀ ਅੰਤਰਰਾਸ਼ਟਰੀ ਸਾਜ਼ਿਸ਼ ਵਿੱਚ ਮਲੇਸ਼ੀਆ ਵਿੱਚ ਬੈਠੇ KZF ਹੈਂਡਲਰਾਂ ਅਤੇ ਵਿੱਤੀ ਸਹਿਯੋਗੀਆਂ ਦੀ ਵੀ ਅਹਿਮ ਭੂਮਿਕਾ ਸੀ। ਪੁਲੀਸ ਅਨੁਸਾਰ ਡਿਪੋਰਟ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼ੀ ਬੈਂਕ ਖਾਤਿਆਂ ਰਾਹੀਂ KZF ਆਪਰੇਟਿਵਜ਼ ਤੱਕ ਅਤਿਵਾਦੀ ਗਤੀਵਿਧੀਆਂ ਲਈ ਫੰਡ ਪਹੁੰਚਾਉਣ, ਪੰਜਾਬ ਵਿੱਚ ਹਮਲਿਆਂ ਦੀਆਂ ਸਾਜ਼ਿਸ਼ਾਂ ਨੂੰ ਵਿੱਤੀ ਸਹਾਇਤਾ ਦੇਣ ਅਤੇ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਆਰਥਿਕ ਸਹਿਯੋਗ ਪ੍ਰਦਾਨ ਕਰਨ ਵਿੱਚ ਸ਼ਾਮਲ ਸਨ। ਦੋਵੇਂ ਮੁਲਜ਼ਮਾਂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਸਾਜ਼ਿਸ਼ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।

Posted By: Daily Suraj Bureau

Latest News