ਹਰਮੁਜ਼ ਜਲ ਮਾਰਗ 'ਚ ਵਧਿਆ ਤਣਾਅ: ਇਰਾਨ ਦਾ ਅਮਰੀਕੀ ਮਾਨਵ-ਰਹਿਤ ਸਮੁੰਦਰੀ ਬੇੜੇ 'ਤੇ ਹਮਲੇ ਦਾ ਦਾਅਵਾ
ਮੱਧ ਪੂਰਬ ਵਿੱਚ ਵਧਦੇ ਜੰਗੀ ਤਣਾਅ ਦਰਮਿਆਨ ਇਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਰਮੁਜ਼ ਜਲ ਮਾਰਗ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਅਮਰੀਕਾ ਦੇ ਇੱਕ ਬਿਨਾਂ ਮਲਾਹ (ਮਾਨਵ-ਰਹਿਤ) ਵਾਲੇ ਸਮੁੰਦਰੀ ਬੇੜੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ। ਹਾਲਾਂਕਿ, ਅਮਰੀਕੀ ਪ੍ਰਸ਼ਾਸਨ ਜਾਂ ਫ਼ੌਜ ਵੱਲੋਂ ਇਸ ਕਥਿਤ ਹਮਲੇ ਦੀ ਤੁਰੰਤ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਇਹ ਦਾਅਵਾ ਅਮਰੀਕੀ ਫ਼ੌਜ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਅਮਰੀਕੀ ਜਲ ਸੈਨਾ ਦੇ ਜੰਗੀ ਜਹਾਜ਼ਾਂ 'ਤੇ ਹੋਏ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ਉਨ੍ਹਾਂ ਦੀਆਂ ਬਲਾਂ ਨੇ ਇਰਾਨ ਦੇ ਤਿੰਨ ਤੇਲ ਟੈਂਕਰਾਂ 'ਤੇ ਕਾਰਵਾਈ ਕੀਤੀ ਸੀ। ਜ਼ਿਕਰਯੋਗ ਹੈ ਕਿ ਇਹ ਫ਼ੌਜੀ ਸੰਘਰਸ਼ 28 ਫਰਵਰੀ ਨੂੰ ਇਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਕੀਤੇ ਗਏ ਹਮਲਿਆਂ ਨਾਲ ਸ਼ੁਰੂ ਹੋਇਆ ਸੀ। ਜੂਨ ਵਿੱਚ ਇੱਕ ਜੰਗਬੰਦੀ ਸਮਝੌਤੇ ਦਾ ਐਲਾਨ ਕੀਤਾ ਗਿਆ ਸੀ, ਪਰ ਬਾਅਦ ਵਿੱਚ ਗੱਲਬਾਤ ਟੁੱਟਣ ਕਾਰਨ ਦੋਵਾਂ ਧਿਰਾਂ ਵਿਚਾਲੇ ਦੁਬਾਰਾ ਹਮਲੇ ਸ਼ੁਰੂ ਹੋ ਗਏ। ਹਫ਼ਤੇ ਦੇ ਸ਼ੁਰੂ ਵਿੱਚ ਦੱਖਣੀ ਇਰਾਨ 'ਤੇ ਹੋਈ ਅਮਰੀਕੀ ਬੰਬਾਰੀ ਦੌਰਾਨ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ ਸਨ। ਪੱਛਮੀ ਇਰਾਨ ਵਿੱਚ ਸੜਕ ਹਾਦਸੇ ਤੋਂ ਬਾਅਦ ਤੇਲ ਟੈਂਕਰ ਫਟਿਆ, 11 ਮੌਤਾਂ ਦੂਜੇ ਪਾਸੇ, ਪੱਛਮੀ ਇਰਾਨ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਤੇਲ ਟੈਂਕਰ ਫਟਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 7 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਰਾਨੀ ਸਰਕਾਰੀ ਮੀਡੀਆ ਏਜੰਸੀ 'ਇਰਨਾ' ਅਨੁਸਾਰ, ਇਹ ਹਾਦਸਾ ਰਾਜਧਾਨੀ ਤਹਿਰਾਨ ਤੋਂ ਲਗਭਗ 400 ਕਿਲੋਮੀਟਰ ਦੂਰ ਕੁਰਦ ਆਬਾਦੀ ਵਾਲੇ ਸ਼ਹਿਰ ਸਨੰਦਜ ਨੇੜੇ ਬੀਤੀ ਦੇਰ ਰਾਤ ਵਾਪਰਿਆ। ਟ੍ਰੈਫਿਕ ਪੁਲੀਸ ਥਾਣੇ ਦੇ ਨੇੜੇ ਬਰੇਕ ਸਿਸਟਮ ਫੇਲ੍ਹ ਹੋਣ ਕਾਰਨ ਇਹ ਤੇਲ ਟੈਂਕਰ ਕਈ ਹੋਰ ਵਾਹਨਾਂ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਇਸ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਵੀ ਸਨੰਦਜ ਨੇੜੇ ਇੱਕ ਤੇਲ ਟੈਂਕਰ ਅਤੇ ਬੱਸ ਦੀ ਟੱਕਰ ਵਿੱਚ 15 ਲੋਕਾਂ ਦੀ ਜਾਨ ਚਲੀ ਗਈ ਸੀ।
Posted By: Daily Suraj Bureau