Daily Suraj

ਪੰਜਾਬੀ

ਇਫਕੋ ਵੱਲੋਂ ਪਿੰਡ ਲੋਹਾਰ ਮਾਜਰਾ ਵਿਖੇ ਕਰਵਾਇਆ ਲੋਕ ਭਲਾਈ ਪ੍ਰੋਗਰਾਮ

14 Sep, 2026 03:08 PM

ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਦੀ ਜਾਂਚ ਅਤੇ ਨੈਨੋ ਤੇ ਜੈਵਿਕ ਖਾਦਾਂ ਸਬੰਧੀ ਕੀਤਾ ਜਾਗਰੂਕ ਬੱਸੀ ਪਠਾਣਾਂ/ਫਤਹਿਗੜ੍ਹ ਸਾਹਿਬ, ( ਮੁਖਤਿਆਰ ਸਿੰਘ ) ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ (ਇਫਕੋ) ਵੱਲੋਂ ਪਿੰਡ ਲੋਹਾਰ ਮਾਜਰਾ ਵਿਖੇ ਲੋਕ ਭਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਨਤਮ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਫਕੋ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਹਿੰਮਾਂਸ਼ੂ ਜੈਨ ਨੇ ਦੱਸਿਆ ਕਿ ਕਿਸਾਨਾਂ ਨੂੰ ਰਵਾਇਤੀ ਖਾਦਾਂ ਦੇ ਨਾਲ-ਨਾਲ ਨੈਨੋ ਅਤੇ ਜੈਵਿਕ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੱਲੋਂ ਇਫਕੋ ਦੀਆਂ ਨਵੀਨਤਮ ਖਾਦਾਂ, ਨੈਨੋ ਖਾਦਾਂ, ਜੈਵਿਕ ਖਾਦਾਂ, ਪਾਣੀ ਵਿੱਚ ਘੁਲਣਸ਼ੀਲ ਖਾਦਾਂ, ਪੋਟਾਸ਼ ਅਤੇ ਸਮੁੰਦਰੀ ਸ਼ੈਵਾਲ ਤੋਂ ਤਿਆਰ ਸਾਗਰਿਕਾ ਆਦਿ ਉਤਪਾਦਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਇਫਕੋ ਵੱਲੋਂ ਚਲਾਈ ਜਾ ਰਹੀ ‘ਮਿੱਟੀ ਬਚਾਓ ਮੁਹਿੰਮ’ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਦੇ ਆਧਾਰ ’ਤੇ ਹੀ ਖੇਤੀਬਾੜੀ ਫ਼ਸਲਾਂ ਲਈ ਲੋੜੀਂਦੇ ਤੱਤਾਂ ਅਤੇ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਫਕੋ ਦੇ ਉਤਪਾਦ ਐਫ.ਸੀ.ਓ.-1985 ਦੇ ਮਾਪਦੰਡਾਂ ਅਨੁਸਾਰ ਹਨ ਅਤੇ ਕਿਸਾਨਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਉੱਚ ਗੁਣਵੱਤਾ ਵਾਲੇ ਖਾਦ ਉਤਪਾਦ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੌਰਾਨ ਇਫਕੋ ਦੇ ਐੱਮ.ਡੀ. ਸ੍ਰੀ ਈ. ਰਾਮੇਂਦਰ ਕੁਮਾਰ ਵੱਲੋਂ ਸਾਗਰਿਕਾ ਦੇ ਖੇਤੀਬਾੜੀ ਵਿੱਚ ਮਹੱਤਵ ਅਤੇ ਇਸ ਦੀ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ‘ਸੰਕਟ ਹਰਨ ਬੀਮਾ’ ਯੋਜਨਾ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸਹਿਕਾਰੀ ਸਭਾ ਲੋਹਾਰ ਮਾਜਰਾ ਦੇ ਪ੍ਰਧਾਨ ਸ. ਜਸਮੇਲ ਸਿੰਘ, ਮੀਤ ਪ੍ਰਧਾਨ ਸ. ਕੇਸਰ ਸਿੰਘ, ਮੈਂਬਰ ਸ. ਕਾਲਾ ਸਿੰਘ, ਸਾਬਕਾ ਸਰਪੰਚ ਸ. ਮੁਕੰਦ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜਰ ਸਨ।

Posted By: Daily Suraj Bureau

Latest News