Daily Suraj

ਪੰਜਾਬੀ

ਮੁਹਾਲੀ ਦੀ ਵੋਟਰ ਸੂਚੀ ’ਚ ਰਾਘਵ ਚੱਢਾ ਦਾ ਨਾਮ, ਨਿਗਮ ਚੋਣਾਂ ’ਚ ਵੋਟ ਪਾਉਣ ਆਉਣਗੇ ਜਾਂ ਨਹੀਂ?

20 May, 2026 07:33 AM

ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਮਾਹੌਲ ਵਿਚ ਹੁਣ ਸਭ ਦੀ ਨਜ਼ਰ ਰਾਜ ਸਭਾ ਮੈਂਬਰ ਰਾਘਵ ਚੱਢਾ ’ਤੇ ਟਿਕ ਗਈ ਹੈ। ਮੁਹਾਲੀ ਨਗਰ ਨਿਗਮ ਦੀ ਵੋਟਰ ਸੂਚੀ ਵਿੱਚ ਰਾਘਵ ਚੱਢਾ ਦਾ ਨਾਮ ਦਰਜ ਹੋਣ ਕਾਰਨ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ ਉਹ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਆਪਣਾ ਵੋਟ ਦਾ ਹੱਕ ਵਰਤਣ ਲਈ ਪੰਜਾਬ ਆਉਣਗੇ ਜਾਂ ਨਹੀਂ। ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਿਕ ਰਾਘਵ ਚੱਢਾ ਮੁਹਾਲੀ ਸ਼ਹਿਰ ਦੇ ਵਸਨੀਕ ਵਜੋਂ ਦਰਜ ਹਨ। ਮੁਹਾਲੀ ਨਿਗਮ ਦੀ ਵੋਟਰ ਸੂਚੀ ਵਿੱਚ ਵਾਰਡ ਨੰਬਰ 44 ਦੇ ਬੂਥ ਨੰਬਰ 160 ’ਤੇ ਸੀਰੀਅਲ ਨੰਬਰ 253 ਹੇਠ ਉਨ੍ਹਾਂ ਦਾ ਨਾਮ ਮੌਜੂਦ ਹੈ। ਇਸੇ ਵਾਰਡ ਵਿੱਚ ਪੈਂਦੇ ਰੀਜੈਂਸੀ ਹਾਈਟਸ ਵਿੱਚ ਉਨ੍ਹਾਂ ਦੀ ਰਿਹਾਇਸ਼ ਦਰਸਾਈ ਗਈ ਹੈ। ਰਾਘਵ ਚੱਢਾ, ਜੋ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ, ਹਾਲ ਹੀ ਵਿੱਚ ਪੰਜਾਬ ਦੇ ਹੋਰ ਪੰਜ ਸੰਸਦ ਮੈਂਬਰਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਭਾਜਪਾ ਵਿੱਚ ਜਾਣ ਮਗਰੋਂ ਉਹ ਇਹ ਖ਼ਦਸ਼ਾ ਵੀ ਜ਼ਾਹਿਰ ਕਰ ਚੁੱਕੇ ਹਨ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਅਜਿਹੇ ਸਿਆਸੀ ਹਾਲਾਤਾਂ ਵਿਚ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਉਹ ਮੁਹਾਲੀ ਨਿਗਮ ਚੋਣਾਂ ਵਿੱਚ ਆਪਣੀ ਵੋਟ ਪਾਉਣ ਲਈ ਪੰਜਾਬ ਪਰਤਣਗੇ। ਵਾਰਡ ਨੰਬਰ 44 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੂਲ ਰਾਜ ਸਿੰਘ ਨੇ ਕਿਹਾ ਹੈ ਕਿ ਰਾਘਵ ਚੱਢਾ ਨੂੰ ਇੱਕ ਵੋਟਰ ਵਜੋਂ ਆਪਣੇ ਸਿਆਸੀ ਹੱਕ ਦੀ ਵਰਤੋਂ ਕਰਨ ਲਈ ਮੁਹਾਲੀ ਆਉਣਾ ਚਾਹੀਦਾ ਹੈ। ਯਾਦ ਰਹੇ ਕਿ ਆਮ ਆਦਮੀ ਪਾਰਟੀ ਨੇ 21 ਮਾਰਚ 2022 ਨੂੰ ਰਾਘਵ ਚੱਢਾ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਸੀ। ਉਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਇਹ ਮਸਲਾ ਚਰਚਾ ਦਾ ਕੇਂਦਰ ਬਣ ਗਿਆ ਸੀ ਕਿ ਪੰਜਾਬ ਤੋਂ ਬਾਹਰ ਦੇ ਵਸਨੀਕ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਬਾਅਦ ਵਿੱਚ ਅਪਰੈਲ 2022 ਵਿੱਚ ਰਾਘਵ ਚੱਢਾ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ। ਸਾਲ 2022 ਵਿੱਚ ਰਾਜ ਸਭਾ ਨਾਮਜ਼ਦਗੀ ਦੌਰਾਨ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ੀਆ ਬਿਆਨ ਅਨੁਸਾਰ ਰਾਘਵ ਚੱਢਾ ਦੀ ਵੋਟ ਦਿੱਲੀ ਦੇ ਵਿਧਾਨ ਸਭਾ ਹਲਕਾ ਰਜੇਂਦਰ ਨਗਰ ਵਿੱਚ ਦਰਜ ਸੀ। ਉਸ ਵੇਲੇ ਉਨ੍ਹਾਂ ਦਾ ਨਾਮ ਸੀਰੀਅਲ ਨੰਬਰ 313 ਅਤੇ ਪਾਰਟ ਨੰਬਰ 52 ਹੇਠ ਦਰਜ ਕੀਤਾ ਗਿਆ ਸੀ। ਹਾਲਾਂਕਿ ਹੁਣ ਰਜੇਂਦਰ ਨਗਰ ਦੀ ਵੋਟਰ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਹੀਂ ਮਿਲਦਾ। ਰਾਘਵ ਚੱਢਾ ਨੇ ਦਿੱਲੀ ਤੋਂ ਆਪਣੀ ਵੋਟ ਕਟਵਾਉਣ ਮਗਰੋਂ ਪੰਜਾਬ ਵਿੱਚ ਨਵੀਂ ਵੋਟ ਬਣਵਾਈ ਹੈ। ਲੋਕ ਸਭਾ ਚੋਣਾਂ 2024 ਦੌਰਾਨ ਉਨ੍ਹਾਂ ਨੇ ਮੁਹਾਲੀ ਦੇ ਪਿੰਡ ਲਖਨੌਰ ਸਥਿਤ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਸੀ। ਹੁਣ 26 ਮਈ ਨੂੰ ਹੋਣ ਵਾਲੀਆਂ ਨਿਗਮ ਚੋਣਾਂ ਵਿੱਚ ਉਨ੍ਹਾਂ ਦੀ ਹਾਜ਼ਰੀ ਅਤੇ ਵੋਟਿੰਗ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

Posted By: Daily Suraj Bureau

Latest News