Daily Suraj

ਪੰਜਾਬੀ

ਛੋਟੀ ਗੱਲ ’ਤੇ ਵੱਡਾ ਹਾਦਸਾ: ਭਰਾਵਾਂ ਦੇ ਝਗੜੇ ਨੇ ਲਿਆ ਖੂਨੀ ਰੂਪ

21 Jan, 2026 11:55 PM

ਬਰਨਾਲਾ ਵਿੱਚ ਅੱਜ ਇਕ ਰੂਹ ਕੰਬਾਊ ਘਟਨਾ ਵਾਪਰੀ। ਇਥੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਛੋਟੇ ਭਰਾ ਦੇ ਸਿਰ ‘ਤੇ ਗੰਡਾਸੇ ਨਾਲ ਵਾਰ ਕੀਤਾ ਗਿਆ। ਮ੍ਰਿਤਕ ਦੀ ਪਛਾਣ 32 ਸਾਲਾ ਹਰਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਕੁੱਬੇ ਪਿੰਡ ਦਾ ਰਹਿਣ ਵਾਲਾ ਸੀ, ਜਦੋਂ ਕਿ ਉਸਦਾ ਵੱਡਾ ਭਰਾ ਗੁਰਦੀਪ ਸਿੰਘ ਸੀ। ਇਹ ਘਟਨਾ ਬਰਨਾਲਾ-ਲੌਂਗੋਵਾਲ ਸਰਹੱਦ ‘ਤੇ ਸਰ੍ਹੋਂ ਦੇ ਖੇਤ ਵਿੱਚ ਵਾਪਰੀ, ਜਿੱਥੇ ਹਰਜੀਤ ਸਿੰਘ ਦੀ ਲਾਸ਼ ਮਿਲੀ। ਮ੍ਰਿਤਕ ਦਾ ਦੋਸਤ ਵੀ ਝਗੜੇ ਵਿੱਚ ਜ਼ਖਮੀ ਹੋ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੜਾਈ ਨਸ਼ੇ ਦੇ ਸੇਵਨ ਤੋਂ ਰੋਕਣ ਨੂੰ ਲੈ ਕੇ ਹੋਈ ਸੀ। ਗੁਰਦੀਪ ਆਪਣੇ ਛੋਟੇ ਭਰਾ ਹਰਜੀਤ ਨੂੰ ਨਸ਼ੇ ਦਾ ਸੇਵਨ ਕਰਨ ਤੋਂ ਰੋਕਦਾ ਸੀ। ਅੱਜ ਹਰਜੀਤ ਸਿੰਘ ਆਪਣੇ ਦੋਸਤ ਸੰਦੀਪ ਸਿੰਘ ਨਾਲ ਖੇਤ ਵਿੱਚ ਬੈਠਾ ਸੀ ਇਸ ਦੌਰਾਨ ਗੁਰਦੀਪ ਸਿੰਘ ਉੱਥੇ ਪਹੁੰਚਿਆ। ਦੋਵਾਂ ਭਰਾਵਾਂ ਵਿਚਕਾਰ ਬਹਿਸ ਹੋ ਗਈ ਜੋ ਕਿ ਖੂਨੀ ਲੜਾਈ ਵਿੱਚ ਬਦਲ ਗਈ। ਗੁਰਦੀਪ ਸਿੰਘ ਨੇ ਹਰਜੀਤ ਸਿੰਘ ਦੇ ਸਿਰ ‘ਤੇ ਗੰਡਾਸੇ ਨਾਲ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ। ਵਾਰਦਾਤ ਕਰਨ ਤੋਂ ਬਾਅਦ, ਗੁਰਦੀਪ ਮੌਕੇ ਤੋਂ ਫਰਾਰ ਹੋ ਗਿਆ।ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਦੇ ਮਾਤਾ-ਪਿਤਾ ਪਹਿਲਾਂ ਹੀ ਮਰ ਚੁੱਕੇ ਸਨ। ਉਹ ਅਣਵਿਆਹਿਆ ਸੀ ਅਤੇ ਆਪਣੇ ਭਰਾ ਨਾਲ ਰਹਿੰਦਾ ਸੀ। ਉਸ ਵਿਰੁੱਧ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 302 ਸਮੇਤ ਕਈ ਮਾਮਲੇ ਦਰਜ ਸਨ, ਅਤੇ ਉਹ ਨਸ਼ੇ ਦਾ ਆਦੀ ਸੀ। ਪਰ ਉਸਦਾ ਵੱਡਾ ਭਰਾ ਅਕਸਰ ਉਸਨੂੰ ਨਸ਼ੇ ਲੈਣ ਤੋਂ ਰੋਕਦਾ ਸੀ। ਇਹ ਲੜਾਈ ਦਾ ਮੁੱਖ ਕਾਰਨ ਹੈ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।

Posted By: Daily Suraj Bureau

Latest News