ਟੋਰਾਂਟੋ ‘ਚ ਤੂਫ਼ਾਨ: ਹੜ੍ਹ ਵਰਗੇ ਹਾਲਾਤ, ਬਿਜਲੀ ਗੁੱਲ
Canada ਟੋਰਾਂਟੋ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਤੂਫ਼ਾਨ ਨੇ ਸ਼ਹਿਰ ਨੂੰ ਹੜ੍ਹ ਵਰਗੇ ਹਾਲਾਤਾਂ ਵਿੱਚ ਧੱਕ ਦਿੱਤਾ। ਤੇਜ਼ ਮੀਂਹ, ਗੋਲਫ਼ ਬਾਲ ਜਿੰਨੇ ਵੱਡੇ ਗੜੇ ਅਤੇ ਤੀਬਰ ਹਵਾਵਾਂ ਕਾਰਨ ਕਈ ਇਲਾਕਿਆਂ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਦਰੱਖਤਾਂ ਅਤੇ ਬਿਜਲੀ ਦੀਆਂ ਤਾਰਾਂ ਡਿੱਗਣ ਨਾਲ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਤੂਫ਼ਾਨ ਕਾਰਨ ਡਾਨ ਵੈਲੀ ਪਾਰਕਵੇਅ (ਡੀਵੀਪੀ) ਦੋਵੇਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਐਲਨ ਰੋਡ, ਗਾਰਡੀਨਰ ਐਕਸਪ੍ਰੈਸਵੇਅ, ਲੇਕ ਸ਼ੋਰ ਬੁਲੇਵਾਰਡ ਵੈਸਟ ਅਤੇ ਬੇਵਿਊ ਐਵਨਿਊ ਐਕਸਟੈਂਸ਼ਨ ਦੇ ਕੁਝ ਹਿੱਸਿਆਂ ਨੂੰ ਵੀ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਲੋਕਾਂ ਨੂੰ ਪਾਣੀ ਨਾਲ ਭਰੀਆਂ ਸੜਕਾਂ ‘ਤੇ ਗੱਡੀਆਂ ਨਾ ਚਲਾਉਣ ਦੀ ਅਪੀਲ ਕੀਤੀ। ਟੋਰਾਂਟੋ ਹਾਈਡਰੋ ਦੇ ਅਨੁਸਾਰ, ਤੂਫ਼ਾਨ ਦੇ ਸਿਖਰ ‘ਤੇ ਕਰੀਬ 65 ਹਜ਼ਾਰ ਗਾਹਕਾਂ ਦੀ ਬਿਜਲੀ ਬੰਦ ਹੋ ਗਈ ਸੀ। ਬਾਅਦ ਵਿੱਚ ਲਗਭਗ 20 ਹਜ਼ਾਰ ਗਾਹਕਾਂ ਦੀ ਬਿਜਲੀ ਬਹਾਲ ਹੋਈ, ਪਰ ਕਰੀਬ 45 ਹਜ਼ਾਰ ਗਾਹਕ ਹਾਲੇ ਵੀ ਬਿਜਲੀ ਤੋਂ ਵਾਂਝੇ ਸਨ। ਬਿਜਲੀ ਵਿਭਾਗ ਦੀਆਂ ਟੀਮਾਂ ਡਿੱਗੀਆਂ ਤਾਰਾਂ ਅਤੇ ਨੁਕਸਾਨੇ ਉਪਕਰਣਾਂ ਨੂੰ ਠੀਕ ਕਰਨ ਵਿੱਚ ਜੁਟੀਆਂ ਰਹੀਆਂ। ਵਾਅਨ ਇਲਾਕੇ ਵਿੱਚ ਭਾਰੀ ਪਾਣੀ ਕਾਰਨ ਕਈ ਕਾਰਾਂ, ਟਰੱਕ ਅਤੇ ਟਰਾਂਜ਼ਿਟ ਬੱਸਾਂ ਪਾਣੀ ਵਿੱਚ ਫਸ ਗਈਆਂ। ਐਮਰਜੈਂਸੀ ਟੀਮਾਂ ਨੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਡੁੱਬੀਆਂ ਗੱਡੀਆਂ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਸਕਾਰਬਰੋ ਗੋਲਫ ਕਲੱਬ ਰੋਡ ਸਮੇਤ ਹੋਰ ਇਲਾਕਿਆਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣੇ। ਮਾਈਕਲ ਗੈਰੋਨ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ, ਹਾਲਾਂਕਿ ਹਸਪਤਾਲ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਖ਼ਰਾਬ ਮੌਸਮ ਕਾਰਨ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨਾ ਪਿਆ ਅਤੇ ਕਈ ਸੰਗੀਤਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਵਾਤਾਵਰਣ ਕੈਨੇਡਾ ਵੱਲੋਂ ਦੱਖਣੀ ਓਨਟਾਰੀਓ ਦੇ ਕਈ ਹਿੱਸਿਆਂ ਲਈ ਗੰਭੀਰ ਮੌਸਮ ਸਬੰਧੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ। ਮੌਸਮ ਵਿਗਿਆਨੀਆਂ ਨੇ ਦੱਖਣੀ ਅਤੇ ਦੱਖਣ-ਪੱਛਮੀ ਓਨਟਾਰੀਓ ਵਿੱਚ ਇੱਕ ਜਾਂ ਦੋ ਛੋਟੇ ਟੋਰਨੇਡੋ ਦੀ ਸੰਭਾਵਨਾ ਵੀ ਜਤਾਈ ਸੀ। ਟੋਰਾਂਟੋ ਲਈ ਜਾਰੀ ਚਿਤਾਵਨੀਆਂ ਬਾਅਦ ਵਿੱਚ ਹਟਾ ਦਿੱਤੀਆਂ ਗਈਆਂ।
Posted By: Daily Suraj Bureau