Daily Suraj

ਪੰਜਾਬੀ

ਪੰਜਾਬ ਭਰ ਵਿੱਚ ਵਧੀ ਠੰਢ, ਬਠਿੰਡਾ ਧੁੰਦ ਦੀ ਚਪੇਟ ਵਿੱਚ

16 Dec, 2025 04:43 PM

ਪੰਜਾਬ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਦਿਨੇ ਸੂਰਜ ਦੀ ਤਪਸ਼ ਕਮਜ਼ੋਰ ਪੈਣ ਲੱਗੀ ਹੈ। ਮੰਗਲਵਾਰ ਨੂੰ ਬਠਿੰਡਾ ਖੇਤਰ ਵਿਚ ਵਾਰ ਦੂਜੀ ਵਾਰ ਧੁੰਦ ਪੈਣ ਕਾਰਨ ਸੂਰਜ ਦੇਵਤਾ ਦੇ ਦਰਸ਼ਨ ਦੁਪਹਿਰ ਤੱਕ ਦੁਰਲੱਭ ਰਹੇ। ਸਵੇਰ ਵੇਲੇ ਧੁੰਦ ਨਾਲ ਸੀਤ ਲਹਿਰ ਨੇ ਜ਼ੋਰ ਫੜੀ ਰੱਖਿਆ। ਸ਼ਹਿਰ ਦੇ ਮੁੱਖ ਹਾਈਵੇਅ ਸਮੇਤ ਸ਼ਹਿਰ ਦੀਆਂ ਸੜਕਾਂ ਤੇ ਚੱਲਣ ਵਾਲੇ ਰਾਹਗੀਰਾਂ ਨੂੰ ਵਾਹਨਾਂ ਦੀ ਬੱਤੀਆਂ ਜਗਾ ਕੇ ਮੰਜ਼ਿਲਾਂ ਵੱਲ ਕੂਚ ਕਰਨਾ ਪਿਆ। ਨੰਨ੍ਹੇ ਬੱਚਿਆਂ ਨੂੰ ਸਕੂਲਾਂ ਵਿਚ ਪੁੱਜਣ ਵਿਚ ਲੇਟ ਹੋਣ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਪੇਂਡੂ ਖੇਤਰਾਂ ਵਿਚ ਧੁੰਦ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ। ਲਿੰਕ ਸੜਕਾਂ ’ਤੇ ਇੱਕ ਦੁੱਕਾ ਹਾਦਸੇ ਵੀ ਦੇਖਣ ਨੂੰ ਮਿਲੇ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਗੌਰਤਲਬ ਹੈ ਕਿ ਦਸੰਬਰ ਮੱਧ ਵਿਚ ਠੰਢ ਵਧਣ ਕਾਰਨ ਧੁੰਦਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਧੂਣੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਸੀਤ ਲਹਿਰ ਅਤੇ ਧੁੰਦ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਰਾਜਸਥਾਨ ਨਾਲ ਲੱਗਦਾ ਹੋਣ ਕਾਰਨ ਭਾਵੇਂ ਠੰਢ ਦੀ ਸ਼ੁਰੂਆਤ ਥੋੜ੍ਹੀ ਲੇਟ ਸ਼ੁਰੂ ਹੁੰਦੀ ਹੈ। ਬਠਿੰਡਾ ਵਿਚ ਸੋਮਵਾਰ ਦਾ ਦਿਨ ਸ਼ਿਮਲੇ ਤੋ ਠੰਢਾ ਰਿਹਾ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਧੁੰਦ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ ਅਤੇ ਜਿੰਨੀ ਲੰਮੀ ਦੇਰ ਧੁੰਦ ਦਾਦੌਰ ਚੱਲੇਗਾ, ਉਨ੍ਹਾਂ ਹੀ ਕਣਕ ਦਾ ਝਾੜ ਵਧੇਗਾ।

Posted By: Daily Suraj Bureau

Latest News