ਈਰਾਨ ਦੀ ਵੱਡੀ ਚੇਤਾਵਨੀ: ਅਮਰੀਕੀ ਟੈਕ ਕੰਪਨੀਆਂ ‘ਤੇ ਹਮਲਿਆਂ ਦੀ ਧਮਕੀ
ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਿਹਾ ਤਣਾਅ ਹੁਣ ਇੱਕ ਨਵੇਂ ਮੋੜ ‘ਤੇ ਪਹੁੰਚ ਗਿਆ ਹੈ। ਪੱਛਮੀ ਏਸ਼ੀਆ ਵਿੱਚ ਵਧ ਰਹੀ ਤਣਾਅਪੂਰਨ ਸਥਿਤੀ ਦੇ ਦਰਮਿਆਨ, ਈਰਾਨ ਨੇ ਅਮਰੀਕਾ ਦੀਆਂ ਟੈਕਨਾਲੋਜੀ ਕੰਪਨੀਆਂ ‘ਤੇ ਹਮਲੇ ਕਰਨ ਦੀ ਖੁੱਲ੍ਹੀ ਚੇਤਾਵਨੀ ਜਾਰੀ ਕੀਤੀ ਹੈ। ਈਰਾਨ ਦੀ ਰਿਵੋਲਿਊਸ਼ਨਰੀ ਗਾਰਡਸ (IRGC) ਨੇ 18 ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਇਸ ਐਲਾਨ ਤੋਂ ਬਾਅਦ ਵੱਡੀਆਂ ਕਾਰਪੋਰੇਟ ਥਾਵਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, IRGC ਨੇ ਉਨ੍ਹਾਂ ਕੰਪਨੀਆਂ ਦੀ ਇੱਕ ਸੂਚੀ ਵੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਸੰਭਾਵਿਤ ਹਮਲਿਆਂ ਲਈ ਚੁਣਿਆ ਗਿਆ ਹੈ। ਇਸ ਸੂਚੀ ਵਿੱਚ Cisco, HP, Intel, Oracle, Microsoft, Apple, Google, Meta, IBM, Dell, Nvidia, JPMorgan Chase, Tesla, General Electric, Boeing ਅਤੇ ਹੋਰ ਕੰਪਨੀਆਂ ਸ਼ਾਮਲ ਹਨ। ਈਰਾਨ ਨੇ ਕਿਹਾ ਹੈ ਕਿ 1 ਅਪ੍ਰੈਲ ਤੋਂ, ਤੇਹਰਾਨ ਸਮੇਂ ਅਨੁਸਾਰ ਰਾਤ 8 ਵਜੇ ਤੋਂ ਬਾਅਦ, ਅਮਰੀਕੀ ਕੰਪਨੀਆਂ ਦੇ ਟਿਕਾਣਿਆਂ ‘ਤੇ ਹਮਲੇ ਕੀਤੇ ਜਾਣਗੇ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰ ਹਮਲੇ ਦਾ ਬਦਲਾ ਇਨ੍ਹਾਂ ਕੰਪਨੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਲਿਆ ਜਾਵੇਗਾ। ਇਸਦੇ ਨਾਲ ਹੀ, ਇਨ੍ਹਾਂ ਕੰਪਨੀਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਤੁਰੰਤ ਆਪਣੇ ਕੰਮ ਵਾਲੇ ਸਥਾਨ ਛੱਡਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
Posted By: Daily Suraj Bureau