Daily Suraj

English

IPL ’ਚ ਵੱਡਾ ਤਬਾਦਲਾ: ਹਾਰਦਿਕ ਪੰਡਿਆ ਪੰਜਾਬ ਕਿੰਗਜ਼ ’ਚ, ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਨਾਲ ਜੁੜੇ

12 Nov, 2026 01:00 PM

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਖਿਡਾਰੀਆਂ ਦੀ ਵੱਡੀ ਅਦਲਾ-ਬਦਲੀ ਤਹਿਤ ਹਰਫ਼ਨਮੌਲਾ ਖਿਡਾਰੀ ਹਾਰਦਿਕ ਪੰਡਿਆ ਮੁੰਬਈ ਇੰਡੀਅਨਜ਼ ਤੋਂ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਬਦਲੇ ਪੰਜਾਬ ਕਿੰਗਜ਼ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੁੰਬਈ ਇੰਡੀਅਨਜ਼ ਦੇ ਹਵਾਲੇ ਕਰ ਦਿੱਤਾ ਹੈ। ਪੰਡਿਆ ਹੁਣ 18 ਕਰੋੜ ਰੁਪਏ ਦੀ ਵਧੀ ਹੋਈ ਫੀਸ ਨਾਲ ਪੰਜਾਬ ਦੀ ਟੀਮ ਵੱਲੋਂ ਖੇਡਣਗੇ।
 

ਆਈਪੀਐੱਲ ਵੱਲੋਂ ਜਾਰੀ ਬਿਆਨ ਮੁਤਾਬਕ ਹਾਰਦਿਕ ਪੰਡਿਆ ਦੀ ਮੌਜੂਦਾ ਫੀਸ 16.35 ਕਰੋੜ ਰੁਪਏ ਸੀ। ਦੂਜੇ ਪਾਸੇ ਅਰਸ਼ਦੀਪ ਸਿੰਘ 18 ਕਰੋੜ ਰੁਪਏ ਦੀ ਫੀਸ ’ਤੇ ਮੁੰਬਈ ਇੰਡੀਅਨਜ਼ ਨਾਲ ਜੁੜੇ ਹਨ। ਇਸ ਅਦਲਾ-ਬਦਲੀ ਨੂੰ ਆਈਪੀਐੱਲ ਦੇ ਇਤਿਹਾਸ ਦੇ ਸਭ ਤੋਂ ਵੱਡੇ ਅਤੇ ਚਰਚਿਤ ਖਿਡਾਰੀ ਤਬਾਦਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
 

ਇਸ ਤੋਂ ਪਹਿਲਾਂ ਇਸ ਸਾਲ ਚੇਨੱਈ ਸੁਪਰ ਕਿੰਗਜ਼ ਨੇ ਰਾਜਸਥਾਨ ਰੌਇਲਜ਼ ਤੋਂ ਸੰਜੂ ਸੈਮਸਨ ਨੂੰ 18 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਇਸ ਸੌਦੇ ਤਹਿਤ ਰਾਜਸਥਾਨ ਰੌਇਲਜ਼ ਨੇ ਚੇਨੱਈ ਸੁਪਰ ਕਿੰਗਜ਼ ਤੋਂ ਰਵਿੰਦਰ ਜਡੇਜਾ ਨੂੰ 14 ਕਰੋੜ ਰੁਪਏ ਅਤੇ ਸੈਮ ਕਰਨ ਨੂੰ 2.4 ਕਰੋੜ ਰੁਪਏ ਵਿੱਚ ਹਾਸਲ ਕੀਤਾ ਸੀ।
 

ਦੱਸਣਯੋਗ ਹੈ ਕਿ ਟਰਾਂਸਫਰ ਫੀਸ ਦੋ ਫਰੈਂਚਾਇਜ਼ੀਆਂ ਵਿਚਾਲੇ ਹੋਣ ਵਾਲੇ ਆਪਸੀ ਸਮਝੌਤੇ ਦਾ ਹਿੱਸਾ ਹੁੰਦੀ ਹੈ। ਇਹ ਰਿਟੇਨਸ਼ਨ ਫੀਸ ਤੋਂ ਵੱਖਰੀ ਹੈ। ਰਿਟੇਨਸ਼ਨ ਫੀਸ ਉਹ ਰਕਮ ਹੁੰਦੀ ਹੈ ਜੋ ਕੋਈ ਫਰੈਂਚਾਇਜ਼ੀ ਆਪਣੇ ਖਿਡਾਰੀ ਨੂੰ ਤਨਖ਼ਾਹ ਵਜੋਂ ਦਿੰਦੀ ਹੈ।
 

ਹਾਰਦਿਕ ਪੰਡਿਆ ਪਹਿਲੀ ਵਾਰ 2015 ਵਿੱਚ ਮੁੰਬਈ ਇੰਡੀਅਨਜ਼ ਨਾਲ ਜੁੜੇ ਸਨ। ਉਨ੍ਹਾਂ ਨੇ 2015, 2017, 2019 ਅਤੇ 2020 ਵਿੱਚ ਮੁੰਬਈ ਦੀਆਂ ਖ਼ਿਤਾਬੀ ਜਿੱਤਾਂ ਦੌਰਾਨ ਬੱਲੇ ਅਤੇ ਗੇਂਦ ਦੋਵਾਂ ਨਾਲ ਅਹਿਮ ਯੋਗਦਾਨ ਪਾਇਆ ਸੀ। ਮੁੰਬਈ ਨਾਲ ਸੱਤ ਸੀਜ਼ਨ ਬਿਤਾਉਣ ਤੋਂ ਬਾਅਦ ਉਹ 2022 ਵਿੱਚ 15 ਕਰੋੜ ਰੁਪਏ ਦੀ ਕੀਮਤ ’ਤੇ ਗੁਜਰਾਤ ਟਾਈਟਨਜ਼ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ 2024 ਵਿੱਚ 33 ਸਾਲਾ ਪੰਡਿਆ ਨੇ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕੀਤੀ ਸੀ।
 

ਉੱਧਰ, ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਪੰਜਾਬ ਕਿੰਗਜ਼ ਨਾਲ ਅੱਠ ਸੀਜ਼ਨ ਬਿਤਾਉਣ ਤੋਂ ਬਾਅਦ ਹੁਣ ਮੁੰਬਈ ਇੰਡੀਅਨਜ਼ ਦਾ ਹਿੱਸਾ ਬਣ ਗਏ ਹਨ। ਆਈਪੀਐੱਲ ਵਿੱਚ ਉਨ੍ਹਾਂ ਦੇ ਨਾਂ 111 ਵਿਕਟਾਂ ਦਰਜ ਹਨ।

Latest News