ਤਨਖਾਹ ਵਧਾਉਣ ਦੀ ਮੰਗ ‘ਤੇ ਬੇਕਾਬੂ ਹਾਲਾਤ, ਕਈ ਇਲਾਕਿਆਂ ‘ਚ ਤਣਾਅ
ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸੋਮਵਾਰ ਨੂੰ ਕਰਮਚਾਰੀਆਂ ਦਾ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ, ਜਿਸ ਕਾਰਨ ਕਈ ਇਲਾਕਿਆਂ ਵਿੱਚ ਤਣਾਅਪੂਰਨ ਹਾਲਾਤ ਬਣ ਗਏ। ਮਜ਼ਦੂਰ ਪਿਛਲੇ ਚਾਰ ਦਿਨਾਂ ਤੋਂ ਤਨਖਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਘੱਟ ਤਨਖਾਹ ਕਾਰਨ ਜੀਵਨ ਯਾਪਨ ਮੁਸ਼ਕਲ ਹੋ ਗਿਆ ਹੈ ਅਤੇ ਇਸ ਤੋਂ ਇਲਾਵਾ ਕਈ ਬੇਨਿਯਮੀਆਂ ਵੀ ਹੋ ਰਹੀਆਂ ਹਨ। ਪ੍ਰਦਰਸ਼ਨ ਦੀ ਸਥਿਤੀ ਸਭ ਤੋਂ ਪਹਿਲਾਂ ਫੇਜ਼-2 ਇਲਾਕੇ ਵਿੱਚ ਵਿਗੜੀ, ਜਿੱਥੇ ਸੁਣਵਾਈ ਨਾ ਹੋਣ ਕਾਰਨ ਮਜ਼ਦੂਰ ਭੜਕ ਉੱਠੇ ਅਤੇ ਪਥਰਾਅ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਅਤੇ ਬੱਸਾਂ ਨੂੰ ਅੱਗ ਲਗਾ ਦਿੱਤੀ। ਪੁਲਿਸ ਵੱਲੋਂ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇੱਕ ਪੁਲਿਸ ਵਾਹਨ ਨੂੰ ਵੀ ਪਲਟ ਦਿੱਤਾ ਅਤੇ ਫੋਰਸ ‘ਤੇ ਪਥਰਾਅ ਕੀਤਾ। ਹਾਲਾਤ ਬੇਕਾਬੂ ਹੋਣ ‘ਤੇ ਕਈ ਥਾਣਿਆਂ ਦੀ ਪੁਲਿਸ ਮੌਕੇ ‘ਤੇ ਬੁਲਾਈ ਗਈ। ਇਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਭੀੜ ਨੂੰ ਖ਼ਦੇੜਣ ਦੀ ਕੋਸ਼ਿਸ਼ ਕੀਤੀ ਅਤੇ ਮੁੱਖ ਰਸਤਿਆਂ ‘ਤੇ ਬੈਰੀਕੇਡਿੰਗ ਕਰ ਦਿੱਤੀ। ਫੇਜ਼-2 ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਹੌਲੀ-ਹੌਲੀ ਕਰੀਬ 10 ਉਦਯੋਗਿਕ ਇਲਾਕਿਆਂ ਤੱਕ ਫੈਲ ਗਿਆ। ਸੈਕਟਰ-57 ਵਿੱਚ ਪ੍ਰਦਰਸ਼ਨਕਾਰੀਆਂ ਨੇ 30 ਤੋਂ ਵੱਧ ਫੈਕਟਰੀਆਂ ਅਤੇ ਦਫ਼ਤਰਾਂ ਵਿੱਚ ਤੋੜਫੋੜ ਕੀਤੀ। ਇਸਦੇ ਨਾਲ ਹੀ ਵੱਖ-ਵੱਖ ਇਲਾਕਿਆਂ ਵਿੱਚ ਮੁੱਖ ਸੜਕਾਂ ‘ਤੇ ਜਾਮ ਲਗਾ ਦਿੱਤੇ ਗਏ, ਜਿਸ ਕਾਰਨ ਆਵਾਜਾਈ ਪ੍ਰਣਾਲੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਅਤੇ ਮਜ਼ਦੂਰਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਤ ਨੂੰ ਕਾਬੂ ਵਿੱਚ ਲਿਆਉਣ ਲਈ ਕਰਮਚਾਰੀਆਂ ਨਾਲ ਗੱਲਬਾਤ ਦੀ ਕੋਸ਼ਿਸ਼ ਵੀ ਜਾਰੀ ਹੈ।
Posted By: Daily Suraj Bureau