Daily Suraj

ਪੰਜਾਬੀ

ਖੁਫੀਆ ਆਪਰੇਸ਼ਨ ਵਿੱਚ ਵੱਡੀ ਸਫਲਤਾ: ਫਾਇਰਿੰਗ ਤੇ ਗ੍ਰਨੇਡ ਹਮਲਿਆਂ ਦੀ ਯੋਜਨਾ ਫੇਲ

21 Apr, 2026 03:34 PM

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇੱਕ ਵੱਡੇ ਖੁਫੀਆ ਆਪਰੇਸ਼ਨ ਦੌਰਾਨ ਦਿੱਲੀ-ਐੱਨਸੀਆਰ ਅਤੇ ਪੰਜਾਬ ਖੇਤਰ ਵਿੱਚ ਵੱਡੇ ਹਮਲਿਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਪਾਕਿਸਤਾਨ ਅਧਾਰਤ ਗੈਂਗਸਟਰ ਅਤੇ ਆਈਐਸਆਈ ਨਾਲ ਜੁੜੇ ਗੁਰਗੇ ਸ਼ਹਿਜ਼ਾਦ ਭੱਟੀ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਇਕ ਅਪਰਾਧਿਕ ਮਾਡਿਊਲ ਦੇ ਖਿਲਾਫ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਾਜਵੀਰ (21), ਵਾਸੀ ਡਾਬਰਾ, ਜ਼ਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) ਅਤੇ ਵਿਵੇਕ ਬੰਜਾਰਾ (19), ਵਾਸੀ ਗਵਾਲੀਅਰ ਵਜੋਂ ਹੋਈ ਹੈ। ਪੁਲੀਸ ਮੁਤਾਬਕ, ਇਹ ਦੋਵੇਂ ਵਿਅਕਤੀ ਦਿੱਲੀ-ਐੱਨਸੀਆਰ ਦੇ ਪ੍ਰਮੁੱਖ ਹੋਟਲਾਂ ਅਤੇ ਪੰਜਾਬ ਦੇ ਜ਼ੀਰਕਪੁਰ ਵਿੱਚ ਇਕ ਕਲੱਬ ਸਮੇਤ ਕਈ ਨਿਸ਼ਾਨਿਆਂ ’ਤੇ ਫਾਇਰਿੰਗ, ਗ੍ਰਨੇਡ ਹਮਲੇ ਅਤੇ ਟਾਰਗੇਟ ਕਿਲਿੰਗ ਕਰਨ ਦੀ ਯੋਜਨਾ ਵਿੱਚ ਸ਼ਾਮਲ ਸਨ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਸਪੈਸ਼ਲ ਸੈੱਲ) ਪ੍ਰਵੀਨ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਰਾਜਵੀਰ ਨੂੰ 18 ਅਪਰੈਲ ਨੂੰ ਦਿੱਲੀ ਦੇ ਸਰਾਏ ਕਾਲੇ ਖਾਨ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਇੱਕ ਪ੍ਰਮੁੱਖ ਹੋਟਲ ’ਤੇ ਹਮਲੇ ਦੀ ਤਿਆਰੀ ਕਰ ਰਿਹਾ ਸੀ। ਉਸ ਕੋਲੋਂ ਇੱਕ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ, ਵਿਵੇਕ ਬੰਜਾਰਾ ਨੂੰ 16 ਅਪਰੈਲ ਨੂੰ ਡਾਬਰਾ ਤੋਂ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਸੀ। ਉਸ ਦੀ ਪੁੱਛਗਿੱਛ ਦੌਰਾਨ ਹੀ ਰਾਜਵੀਰ ਦੀ ਪਛਾਣ ਸਾਹਮਣੇ ਆਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਰਾਜਵੀਰ ਨੂੰ ਸ਼ਹਿਜ਼ਾਦ ਭੱਟੀ ਦੇ ਸਾਥੀ ‘ਰਾਣਾ ਭਾਈ’ ਨੇ ਸੋਸ਼ਲ ਮੀਡੀਆ ਰਾਹੀਂ ਭਰਤੀ ਕੀਤਾ ਸੀ। ਬਾਅਦ ਵਿੱਚ ਰਾਜਵੀਰ ਨੇ ਹੀ ਵਿਵੇਕ ਨੂੰ ਇਸ ਨੈੱਟਵਰਕ ਨਾਲ ਜੋੜਿਆ। ਮਾਰਚ 2026 ਵਿੱਚ ਹੈਂਡਲਰ ਵੱਲੋਂ ਹਥਿਆਰਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਲਈ ਵਿਵੇਕ ਨੂੰ ਅਹਿਮਦਾਬਾਦ ਭੇਜਿਆ ਗਿਆ, ਪਰ ਉੱਥੇ ਹਥਿਆਰ ਨਹੀਂ ਮਿਲ ਸਕੇ। 9 ਅਪਰੈਲ ਨੂੰ ਦੋਵੇਂ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਇੱਕ ਪਿਸਤੌਲ, 15-20 ਜ਼ਿੰਦਾ ਕਾਰਤੂਸ ਅਤੇ 20,000 ਰੁਪਏ ਦਿੱਤੇ ਗਏ। ਇਹ ਹਥਿਆਰ ਜ਼ੀਰਕਪੁਰ ਦੇ ਇੱਕ ਕਲੱਬ ’ਤੇ ਹਮਲੇ ਲਈ ਸਨ, ਜਿਸ ਨੂੰ ਕਥਿਤ ਤੌਰ ’ਤੇ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪੁਲੀਸ ਦੇ ਅਨੁਸਾਰ, 11 ਅਪਰੈਲ ਨੂੰ ਰਾਜਵੀਰ ਨੇ ਕਲੱਬ ’ਤੇ ਗੋਲੀਬਾਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਿਸਤੌਲ ਵਿੱਚ ਤਕਨੀਕੀ ਖ਼ਰਾਬੀ ਕਾਰਨ ਯੋਜਨਾ ਫੇਲ ਰਹੀ। ਇਸ ਦੌਰਾਨ ਵਿਵੇਕ ਨੇ ਘਟਨਾ ਦੀ ਵੀਡੀਓ ਵੀ ਬਣਾਈ ਸੀ ਤਾਂ ਜੋ ਆਪਣੇ ਹੈਂਡਲਰ ਨੂੰ ਭੇਜ ਸਕੇ। ਇਸ ਅਸਫਲ ਕੋਸ਼ਿਸ਼ ਤੋਂ ਬਾਅਦ ਰਾਜਵੀਰ ਨੇ ਹਥਿਆਰ ਨੂੰ ਇੱਕ ਅਣਪਛਾਤੀ ਥਾਂ ’ਤੇ ਛੁਪਾ ਦਿੱਤਾ ਅਤੇ ਉਸ ਦੀ ਲੋਕੇਸ਼ਨ ਭੱਟੀ ਨਾਲ ਸਾਂਝੀ ਕੀਤੀ। ਬਾਅਦ ਵਿੱਚ ਉਹ ਫਰੀਦਕੋਟ ਗਿਆ, ਜਿੱਥੇ ਉਸ ਨੂੰ ਇੱਕ ਹੋਰ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਪ੍ਰਾਪਤ ਹੋਏ। ਇਸ ਤੋਂ ਬਾਅਦ ਉਹ ਦਿੱਲੀ ਵਾਪਸ ਆਇਆ ਅਤੇ ਇੱਕ ਹੋਰ ਵੱਡੇ ਹਮਲੇ ਦੀ ਯੋਜਨਾ ਬਣਾਈ, ਪਰ ਕਾਰਵਾਈ ਕਰਨ ਤੋਂ ਪਹਿਲਾਂ ਹੀ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲੀਸ ਨੇ ਦੋਵੇਂ ਦੋਸ਼ੀਆਂ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਕਈ ਵੀਡੀਓ ਅਤੇ ਵੌਇਸ ਨੋਟਸ ਮਿਲੇ ਹਨ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ 31 ਮਾਰਚ ਨੂੰ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 61(2) ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਵੱਡੀ ਸਾਜ਼ਿਸ਼ ਦੇ ਹੋਰ ਪੱਖਾਂ ਦੀ ਜਾਂਚ ਜਾਰੀ ਹੈ।

Posted By: Daily Suraj Bureau

Latest News