Daily Suraj

ਪੰਜਾਬੀ

ਖੇਤੀਬਾੜੀ ਵਪਾਰਕ ਸਬੰਧ ਮਜ਼ਬੂਤ ਕਰਨ ਲਈ ਯੂਏਈ–ਅਲਬਰਟਾ ਵਿਚਕਾਰ ਵੱਡੇ ਕਦਮ

27 Jan, 2026 04:06 PM

ਯੂਏਈ ਖੇਤੀਬਾੜੀ ਵਪਾਰਕ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਕੈਨੇਡਾ ਦੇ ਸੂਬੇ ਅਲਬਰਟਾ ਦਰਮਿਆਨ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਅਲਬਰਟਾ ਦੇ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਆਰ.ਜੇ. ਸਿਗਰਡਸਨ ਨੇ ਆਪਣੇ ਯੂਏਈ ਦੌਰੇ ਦੌਰਾਨ ਮੱਧ ਪੂਰਬ ਨਾਲ ਖੇਤੀਬਾੜੀ ਵਪਾਰਕ ਸਬੰਧ ਵਧਾਉਣ ਲਈ ਕਈ ਅਹਿਮ ਮੁਲਾਕਾਤਾਂ ਕੀਤੀਆਂ। ਇਹ ਦੌਰਾ ਅਲਬਰਟਾ ਸਰਕਾਰ ਦੀ ਉਸ ਰਣਨੀਤੀ ਦਾ ਹਿੱਸਾ ਹੈ, ਜਿਸਦਾ ਮਕਸਦ ਅੰਤਰਰਾਸ਼ਟਰੀ ਸਬੰਧ ਮਜ਼ਬੂਤ ਕਰਨਾ ਅਤੇ ਸੂਬੇ ਦੇ ਉਤਪਾਦਾਂ ਲਈ ਨਵੀਆਂ ਵਿਦੇਸ਼ੀ ਮਾਰਕੀਟਾਂ ਖੋਲ੍ਹਣਾ ਹੈ। ਮੰਤਰੀ ਸਿਗਰਡਸਨ ਨੇ ਦੁਨੀਆਂ ਦੀ ਸਭ ਤੋਂ ਵੱਡੀ ਖਾਦ ਅਤੇ ਹੋਸਪਿਟੈਲਿਟੀ ਪ੍ਰਦਰਸ਼ਨੀ ‘ਗਲਫੂਡ’ ਵਿੱਚ ਭਾਗ ਲਿਆ, ਜਿੱਥੇ ਉਨ੍ਹਾਂ ਨੇ ਨਿਵੇਸ਼ਕਾਂ, ਆਯਾਤਕਾਰਾਂ, ਡਿਸਟ੍ਰਿਬਿਊਟਰਾਂ ਅਤੇ ਖਰੀਦਦਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਅਲਬਰਟਾ ਦੇ ਉੱਚ-ਗੁਣਵੱਤਾ ਵਾਲੇ ਐਗਰੀ-ਫੂਡ ਉਤਪਾਦਾਂ ਦਾ ਪ੍ਰਚਾਰ ਕਰਦਿਆਂ ਕਿਹਾ ਕਿ ਇਹ ਮਿਸ਼ਨ ਮੱਧ ਪੂਰਬ ਅਤੇ ਏਸ਼ੀਆ ਦੇ ਭਾਈਵਾਲਾਂ ਨਾਲ ਸਿੱਧਾ ਸੰਪਰਕ ਬਣਾਉਣ ਦਾ ਇੱਕ ਅਹਿਮ ਮੌਕਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਲਬਰਟਾ ਨੂੰ ਵਿਸ਼ਵ ਪੱਧਰ ’ਤੇ ਇੱਕ ਭਰੋਸੇਯੋਗ ਅਤੇ ਮਜ਼ਬੂਤ ਵਪਾਰਕ ਸਾਥੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਯੂਏਈ ਵੱਲੋਂ ਖੁਰਾਕ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਲਬਰਟਾ ਨਾਲ ਮਿਲ ਕੇ ਕੰਮ ਕਰਨ ਵਿੱਚ ਖਾਸ ਦਿਲਚਸਪੀ ਜਤਾਈ ਗਈ ਹੈ। ਇਸ ਨਾਲ ਅਲਬਰਟਾ ਦੇ ਕਿਸਾਨਾਂ ਅਤੇ ਖਾਦ ਪ੍ਰੋਸੈਸਰਾਂ ਲਈ ਨਵੇਂ ਵਿਦੇਸ਼ੀ ਬਾਜ਼ਾਰ ਖੁੱਲਣਗੇ ਅਤੇ ਵਪਾਰਕ ਮੌਕੇ ਵਧਣਗੇ। ਮੰਤਰੀ ਸਿਗਰਡਸਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਅੰਤਰਰਾਸ਼ਟਰੀ ਭਾਈਵਾਲੀਆਂ ਨਾਲ ਸੂਬੇ ਦੀ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਅਲਬਰਟਾ ਨੂੰ ਵਿਸ਼ਵ ਪੱਧਰ ’ਤੇ ਨਿਵੇਸ਼ ਲਈ ਆਕਰਸ਼ਕ ਮੰਜਿਲ ਵਜੋਂ ਸਥਾਪਤ ਕੀਤਾ ਜਾਵੇਗਾ। ਮਿਸ਼ਨ ਨਾਲ ਸੰਬੰਧਤ ਖਰਚਿਆਂ ਦੀ ਵਿਸਥਾਰਪੂਰਕ ਜਾਣਕਾਰੀ ਸਰਕਾਰੀ ਵੈੱਬਸਾਈਟ ’ਤੇ ਜਾਰੀ ਕੀਤੀ ਜਾਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ।

Posted By: Daily Suraj Bureau

Latest News