ਦੇਸ਼ ਨੂੰ ਮਿਲੀ ਪਹਿਲੀ ਹਾਈਡ੍ਰੋਜਨ ਟਰੇਨ, ਜੀਂਦ ਤੋਂ ਸੋਨੀਪਤ ਤੱਕ ਦੋ ਘੰਟਿਆਂ ਵਿੱਚ ਕਰੇਗੀ ਸਫ਼ਰ
ਭਾਰਤ ਨੇ ਰੇਲ ਆਵਾਜਾਈ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਹਾਸਲ ਕਰਦਿਆਂ ਆਪਣੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਯਾਤਰੀ ਟਰੇਨ ਦੀ ਸ਼ੁਰੂਆਤ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਇਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਜੀਂਦ ਅਤੇ ਸੋਨੀਪਤ ਰੇਲਵੇ ਸਟੇਸ਼ਨਾਂ ਵਿਚਕਾਰ ਚੱਲੇਗੀ। ਰਸਤੇ ਵਿੱਚ 12 ਸਟੇਸ਼ਨਾਂ 'ਤੇ ਰੁਕਦਿਆਂ ਇਹ 89 ਕਿਲੋਮੀਟਰ ਦੀ ਦੂਰੀ ਲਗਭਗ ਦੋ ਘੰਟਿਆਂ ਵਿੱਚ ਤੈਅ ਕਰੇਗੀ। 10 ਡੱਬਿਆਂ ਵਾਲੇ ਇਸ ਟਰੇਨ ਸੈੱਟ ਵਿੱਚ 1,200 ਕਿਲੋਵਾਟ ਸਮਰੱਥਾ ਵਾਲਾ ਹਾਈਡ੍ਰੋਜਨ-ਫਿਊਲ-ਸੈੱਲ-ਪ੍ਰੋਪਲਸ਼ਨ ਸਿਸਟਮ ਲਗਾਇਆ ਗਿਆ ਹੈ। ਟਰੇਨ ਦੀ ਅਧਿਕਤਮ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਯਾਤਰੀਆਂ ਅਤੇ ਸੰਚਾਲਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟਰੇਨ ਅਤੇ ਰੀਫਿਊਲਿੰਗ ਪਲਾਂਟ ਵਿੱਚ ਹਾਈਡ੍ਰੋਜਨ ਲੀਕ ਅਤੇ ਅਸਧਾਰਨ ਤਾਪਮਾਨ ਦੀ ਪਛਾਣ ਕਰਨ ਵਾਲੇ ਯੰਤਰ ਲਗਾਏ ਗਏ ਹਨ। ਇਸ ਦੇ ਨਾਲ ਇੱਕ ਆਟੋਮੈਟਿਕ ਸ਼ੱਟ-ਆਫ ਸਿਸਟਮ ਵੀ ਲਗਾਇਆ ਗਿਆ ਹੈ, ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਬਿਨਾਂ ਮਨੁੱਖੀ ਦਖ਼ਲ ਦੇ ਆਪਣੇ ਆਪ ਹਾਈਡ੍ਰੋਜਨ ਦੀ ਸਪਲਾਈ ਬੰਦ ਕਰ ਸਕਦਾ ਹੈ। ਟਰੇਨ ਦੇ ਚਾਲਕ ਦੇ ਕੈਬਿਨ ਨੂੰ ਵੀ ਵਿਸ਼ੇਸ਼ ਸੁਰੱਖਿਆ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਸ ਵਿੱਚ ਇੱਕ ਖ਼ਾਸ ਐਮਰਜੈਂਸੀ ਮੋਡ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਲੋੜ ਪੈਣ 'ਤੇ ਟਰੇਨ ਨੂੰ ਸੁਰੱਖਿਅਤ ਸਥਾਨ ਤੱਕ ਲਿਜਾਇਆ ਜਾ ਸਕਦਾ ਹੈ। ਇਹ ਟਰੇਨ ਹਾਈਡ੍ਰੋਜਨ-ਫਿਊਲ-ਸੈੱਲ ਤਕਨੀਕ 'ਤੇ ਆਧਾਰਿਤ ਹੈ, ਜਿਸ ਵਿੱਚ ਹਾਈਡ੍ਰੋਜਨ ਨੂੰ ਬਿਜਲੀ ਵਿੱਚ ਬਦਲ ਕੇ ਟਰੇਨ ਨੂੰ ਚਲਾਇਆ ਜਾਂਦਾ ਹੈ। ਇਹ ਅਸਲ ਵਿੱਚ ਇੱਕ ਅਜਿਹੀ ਇਲੈਕਟ੍ਰਿਕ ਟਰੇਨ ਹੈ, ਜੋ ਆਪਣੀ ਲੋੜੀਂਦੀ ਬਿਜਲੀ ਖ਼ੁਦ ਟਰੇਨ ਦੇ ਅੰਦਰ ਹੀ ਪੈਦਾ ਕਰਦੀ ਹੈ। ਬਾਹਰੀ ਬਿਜਲੀ ਦੀਆਂ ਤਾਰਾਂ ਤੋਂ ਊਰਜਾ ਲੈਣ ਦੀ ਬਜਾਏ, ਉੱਚ ਦਬਾਅ ਵਾਲੇ ਟੈਂਕਾਂ ਵਿੱਚ ਸਟੋਰ ਕੀਤੀ ਹਾਈਡ੍ਰੋਜਨ ਫਿਊਲ ਸੈੱਲ ਦੇ ਅੰਦਰ ਹਵਾ ਵਿੱਚ ਮੌਜੂਦ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਬਿਜਲੀ ਪੈਦਾ ਕਰਦੀ ਹੈ, ਜਿਸ ਨਾਲ ਟਰੇਨ ਦਾ ਸੰਚਾਲਨ ਹੁੰਦਾ ਹੈ।
Posted By: Daily Suraj Bureau