ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਵਾਅਦੇ ’ਤੇ ਸਰਕਾਰ ਖ਼ਿਲਾਫ਼ ਅਨੋਖੀ ਸ਼ਿਕਾਇਤ
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੇਸ਼ ਹੋਣ ਵਾਲੇ ਸੂਬਾ ਬਜਟ ਤੋਂ ਇਕ ਦਿਨ ਪਹਿਲਾਂ, ਸ਼੍ਰੋਮਣੀ ਅਕਾਲੀ ਦਲ ਦੇ ਇਕ ਸਾਬਕਾ ਕੌਂਸਲਰ ਨੇ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦੇ ਚੋਣ ਵਾਅਦੇ ਨੂੰ ਪੂਰਾ ਨਾ ਕਰਨ 'ਤੇ ਸਰਕਾਰ ਵਿਰੁੱਧ ਅਨੋਖਾ ਪ੍ਰਦਰਸ਼ਨ ਕੀਤਾ। ਵਿਜੇ ਕੁਮਾਰ, ਲਾੜਾ ਬਣ ਕੇ ਅਤੇ ਸਿਹਰਾ ਸਜਾ ਕੇ, ਬੈਂਡ-ਵਾਜਿਆਂ ਦੇ ਨਾਲ ਬੱਗੀ 'ਤੇ ਸਵਾਰ ਹੋ ਕੇ ਕੈਨਾਲ ਕਲੋਨੀ ਪੁਲੀਸ ਸਟੇਸ਼ਨ ਪਹੁੰਚਿਆ। ਉਸ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਰਕਾਰ ਵੱਲੋਂ ਵਾਅਦਾ ਪੂਰਾ ਨਾ ਕੀਤੇ ਜਾਣ ਕਾਰਨ ਉਸ ਦਾ ਵਿਆਹ ਟੁੱਟ ਗਿਆ ਹੈ। ਵਿਜੇ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਭਰੋਸਾ ਦਿੱਤਾ ਸੀ ਕਿ 'ਆਪ' ਸਰਕਾਰ ਦੀ ਸਕੀਮ ਤਹਿਤ ਉਸ ਨੂੰ ਹਰ ਮਹੀਨੇ 1,000 ਰੁਪਏ ਮਿਲਣਗੇ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਮੰਗੇਤਰ ਅਤੇ ਪਰਿਵਾਰ ਦੀਆਂ ਹੋਰ ਔਰਤਾਂ ਦੇ ਫਾਰਮ ਵੀ ਭਰੇ ਸਨ, ਪਰ ਜਦੋਂ ਉਹ ਬਰਾਤ ਲੈ ਕੇ ਪਹੁੰਚਿਆ ਤਾਂ ਲੜਕੀ ਵਾਲਿਆਂ ਨੇ ਵਾਅਦਾ ਪੂਰਾ ਨਾ ਹੋਣ ਦਾ ਦੋਸ਼ ਲਾ ਕੇ ਬਰਾਤ ਵਾਪਸ ਮੋੜ ਦਿੱਤੀ। ਵਿਜੇ ਨੇ ਪੁਲੀਸ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਅਤੇ ਔਰਤਾਂ ਨੂੰ ਵਿੱਤੀ ਸਹਾਇਤਾ ਦਿਵਾਉਣ ਦੀ ਮੰਗ ਕੀਤੀ। ਉਸ ਨੇ ਕਿਹਾ, "ਪੁਲੀਸ ਨੇ ਮੇਰੀ ਸ਼ਿਕਾਇਤ ਲਿਖ ਲਈ ਹੈ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।" ਜ਼ਿਕਰਯੋਗ ਹੈ ਕਿ ਵਿਜੇ ਕੁਮਾਰ ਆਪਣੇ ਅਨੋਖੇ ਪ੍ਰਦਰਸ਼ਨਾਂ ਲਈ ਜਾਣੇ ਜਾਂਦੇ ਹਨ। ਬਾਅਦ ਵਿੱਚ ਉਸ ਨੇ ਸਪੱਸ਼ਟ ਕੀਤਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਇਹ ਸਭ ਸਿਰਫ਼ ਇੱਕ ਸੰਕੇਤਕ ਪ੍ਰਦਰਸ਼ਨ ਸੀ। ਉਸ ਦੀ ਪਤਨੀ ਸ਼ਰਮਾ ਰਾਣੀ ਵੀ ਸਾਬਕਾ ਕੌਂਸਲਰ ਹੈ। ਉਸ ਨੇ ਕਿਹਾ, "ਮੈਂ ਵਿਆਹਿਆ ਹੋਇਆ ਹਾਂ। ਇਹ ਮੇਰਾ ਸਰਕਾਰ ਤੋਂ ਔਰਤਾਂ ਲਈ 1,000 ਰੁਪਏ ਮਹੀਨਾ ਦੀ ਮੰਗ ਕਰਨ ਦਾ ਇੱਕ ਤਰੀਕਾ ਸੀ।
Posted By: Daily Suraj Bureau