Daily Suraj

ਪੰਜਾਬੀ

ਪਹਿਲਗਾਮ ਦਹਿਸ਼ਤੀ ਹਮਲਾ: ਐੱਨਆਈਏ ਅੱਜ ਦਾਇਰ ਕਰੇਗੀ ਚਾਰਜਸ਼ੀਟ

15 Dec, 2025 07:22 PM

ਕੌਮੀ ਜਾਂਚ ਏਜੰਸੀ (NIA) ਸੋਮਵਾਰ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰੇਗੀ। ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ਵੱਲੋੋਂ ਕੀਤੇ ਇਸ ਹਮਲੇ ਵਿਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤੇ ਸੈਲਾਨੀ ਸਨ।
 

ਐੱਨਆਈਏ ਦੀ ਜਾਂਚ ਵਿੱਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਵਿੱਚ ਤਿੰਨ ਦਹਿਸ਼ਤਗਰਦਾਂ ਦੀ ਸਿੱਧੀ ਸ਼ਮੂਲੀਅਤ ਪਾਈ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦ ਵਿਰੋਧੀ ਜਾਂਚ ਏਜੰਸੀ ਸੋਮਵਾਰ ਨੂੰ ਜੰਮੂ ਵਿੱਚ ਵਿਸ਼ੇਸ਼ ਐੱਨਆਈਏ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕਰੇਗੀ।
 

ਐਨਆਈਏ ਨੇ ਜੂਨ ਵਿਚ ਪਾਕਿਸਤਾਨ ਅਧਾਰਿਤ ਤਿੰਨ ਅਤਿਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਤਿੰਨ ਦਹਿਸ਼ਤਗਰਦਾਂ ਨੂੰ ਹਾਲਾਂਕਿ ਹਥਿਆਰਬੰਦ ਬਲਾਂ ਨੇ ਜੁਲਾਈ ਵਿੱਚ ਇਕ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ।
 

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਬਾਟਕੋਟ ਦੇ ਪਰਵੇਜ਼ ਅਹਿਮਦ ਜੋਥਰ ਅਤੇ ਪਹਿਲਗਾਮ ਦੇ ਬਸ਼ੀਰ ਅਹਿਮਦ ਜੋਥਰ ਨੇ ਪੁੱਛ ਪੜਤਾਲ ਦੌਰਾਨ ਤਿੰਨ ਹਮਲਾਵਰਾਂ ਦੀ ਪਛਾਣ ਪਾਕਿਸਤਾਨੀ ਨਾਗਰਿਕਾਂ ਵਜੋਂ ਦੱਸੀ, ਜੋ ਕਿ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ (LeT) ਨਾਲ ਜੁੜੇ ਹੋਏ ਸਨ। NIA ਅਧਿਕਾਰੀਆਂ ਨੇ ਕਿਹਾ ਸੀ ਕਿ ਦੋਵਾਂ ਨੇ ਦਹਿਸ਼ਤਗਰਦਾਂ ਨੂੰ ਭੋਜਨ, ਪਨਾਹ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ।
 

ਉਨ੍ਹਾਂ ਕਿਹਾ ਕਿ 28 ਜੁਲਾਈ ਨੂੰ ਸ੍ਰੀਨਗਰ ਦੇ ਬਾਹਰਵਾਰ ‘ਆਪ੍ਰੇਸ਼ਨ ਮਹਾਦੇਵ’ ਦੇ ਕੋਡਨੇਮ ਵਾਲੇ ਅਪਰੇੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਲਸ਼ਕਰ ਏ ਤੋਇਬਾ ਨਾਲ ਸਬੰਧਤ ਤਿੰਨਾਂ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਇਹ ਦਹਿਸ਼ਤਗਰਦ ਪਹਿਲਗਾਮ ਹਮਲੇ ਤੋਂ ਬਾਅਦ ਦਾਚੀਗਾਮ-ਹਰਵਾਨ ਜੰਗਲਾਤ ਪੱਟੀ ਵਿੱਚ ਲੁਕੇ ਹੋਏ ਸਨ।
 

ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ਵਿੱਚ ਭਾਰਤੀ ਹਥਿਆਰਬੰਦ ਬਲਾਂ ਨੇ 7 ਮਈ ਨੂੰ ‘ਆਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਦਹਿਸ਼ਤੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਸਨ। ਇਸ ਕਾਰਵਾਈ ਵਿੱਚ ਨੌਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿੱਚ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਅਤੇ ਸਿਖਲਾਈ ਕੇਂਦਰ ਸ਼ਾਮਲ ਸਨ, ਜਿੱਥੋਂ ਭਾਰਤ ਵਿਰੁੱਧ ਦਹਿਸ਼ਤੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ।

Posted By: Daily Suraj Bureau

Latest News