ਅਗਸਤ ਤੋਂ ਮੁਫ਼ਤ ‘ਤੀਰਥ ਯਾਤਰਾ’ ਦੇ 3 ਨਵੇਂ ਰੂਟ ਸ਼ੁਰੂ ਹੋਣਗੇ: ਅਰਵਿੰਦ ਕੇਜਰੀਵਾਲ
ਤਲਵਾੜਾ ਵਿੱਚ ਆਯੋਜਿਤ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੀ ਮੁਫ਼ਤ ‘ਤੀਰਥ ਯਾਤਰਾ’ ਯੋਜਨਾ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਤੋਂ ਇਸ ਯੋਜਨਾ ਵਿੱਚ ਤਿੰਨ ਨਵੇਂ ਧਾਰਮਿਕ ਰੂਟ—ਖਾਟੂ ਸ਼ਿਆਮ ਜੀ-ਸਾਲਾਸਰ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ—ਸ਼ਾਮਲ ਕੀਤੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਨਵੇਂ ਰੂਟਾਂ ਲਈ ਰਜਿਸਟ੍ਰੇਸ਼ਨ ਅਗਸਤ ਮਹੀਨੇ ਵਿੱਚ ਸ਼ੁਰੂ ਕੀਤੀ ਜਾਵੇਗੀ। ਸਰਕਾਰ ਦੀ ਯੋਜਨਾ ਤਹਿਤ ਕਰੀਬ ਡੇਢ ਲੱਖ ਸ਼ਰਧਾਲੂਆਂ ਨੂੰ ਇਨ੍ਹਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਸਦ ਮੈਂਬਰ ਡਾ. ਰਾਜ ਕੁਮਾਰ, ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਬ੍ਰਹਮ ਸ਼ੰਕਰ ਜਿੰਪਾ, ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਅਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਹਾਜ਼ਰ ਸਨ। ਸਰਕਾਰ ਚੁੱਕਦੀ ਹੈ ਯਾਤਰਾ ਦਾ ਪੂਰਾ ਖ਼ਰਚ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਇਹ ਯੋਜਨਾ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਏ.ਸੀ. ਬੱਸਾਂ, ਹੋਟਲਾਂ, ਭੋਜਨ ਅਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਹੁਣ ਤਿੰਨ ਨਵੇਂ ਰੂਟ ਸ਼ਾਮਲ ਹੋਣ ਨਾਲ ਯੋਜਨਾ ਦਾ ਦਾਇਰਾ ਹੋਰ ਵਧੇਗਾ। ਔਰਤਾਂ ਲਈ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਔਰਤਾਂ ਲਈ ਵਿੱਤੀ ਸਹਾਇਤਾ ਯੋਜਨਾ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਪੂਰੀ ਹੋ ਚੁੱਕੀ ਹੈ ਪਰ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਰਕਮ ਨਹੀਂ ਪਹੁੰਚੀ, ਉਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੀ ਰਕਮ ਇਕੱਠੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 32 ਲੱਖ ਮਹਿਲਾਵਾਂ ਦੇ ਖਾਤਿਆਂ ਵਿੱਚ ਰਕਮ ਟਰਾਂਸਫਰ ਕੀਤੀ ਸੀ, ਜਦਕਿ 1 ਅਗਸਤ ਨੂੰ 50 ਲੱਖ ਤੋਂ ਵੱਧ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਧਾਰਮਿਕ ਅਸਥਾਨਾਂ ਦੇ ਵਿਕਾਸ ਦਾ ਐਲਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਨਾਲ ਲੱਗਦੀ ਜਗ੍ਹਾ ’ਤੇ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਇੱਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਸਾਰੇ 22 ਸ਼ਹਿਰਾਂ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਵਰਗੇ ਭਜਨ ਸੰਧਿਆ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਦੇ ਕਾਲੀ ਮਾਤਾ ਮੰਦਰ ਨੂੰ ਵਿਸ਼ਾਲ ਰੂਪ ਵਿੱਚ ਵਿਕਸਤ ਕਰਨ ਲਈ 80 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਇਹ ਕੰਮ 30 ਸਤੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਪੰਜਾਬ ਦੀ ਫਿਰਕੂ ਸਦਭਾਵਨਾ ਦਾ ਕੀਤਾ ਜ਼ਿਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਵਿੱਤਰ ਸਮਾਗਮ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਪੁੰਗਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਫਿਰਕੂ ਸਦਭਾਵਨਾ ਦਾ ਪ੍ਰਤੀਕ ਰਿਹਾ ਹੈ ਅਤੇ ਵੰਡ ਪਾਉਣ ਵਾਲੀਆਂ ਤਾਕਤਾਂ ਇੱਥੇ ਕਦੇ ਸਫਲ ਨਹੀਂ ਹੋ ਸਕਦੀਆਂ। 19 ਟੋਲ ਪਲਾਜ਼ੇ ਬੰਦ ਹੋਣ ਨਾਲ ਲੋਕਾਂ ਨੂੰ ਰਾਹਤ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ 19 ਟੋਲ ਪਲਾਜ਼ੇ ਬੰਦ ਕੀਤੇ ਜਾਣ ਕਾਰਨ ਆਮ ਲੋਕਾਂ ਦੀ ਹਰ ਰੋਜ਼ ਲਗਭਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਲਾਭ ਪੰਜਾਬ ਦੀਆਂ ਲਗਭਗ 97 ਫ਼ੀਸਦੀ ਮਹਿਲਾਵਾਂ ਨੂੰ ਮਿਲ ਰਿਹਾ ਹੈ ਅਤੇ ਇਸ ਲਈ ਸੂਬਾ ਸਰਕਾਰ ਨੇ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਹਨ। ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਦੀ ਤਰਜ਼ ’ਤੇ ਕੀਤਾ ਜਾਵੇਗਾ ਅਪਗ੍ਰੇਡ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਤਲਵਾੜਾ ਸਥਿਤ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ ’ਤੇ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਹਸਪਤਾਲ ਵਿੱਚ ਨਵੀਨਤਮ ਡਾਕਟਰੀ ਉਪਕਰਣ ਮੁਹੱਈਆ ਕਰਵਾਏ ਜਾਣਗੇ ਅਤੇ ਮਾਹਿਰ ਡਾਕਟਰਾਂ ਦੀ ਤਾਇਨਾਤੀ ਵੀ ਕੀਤੀ ਜਾਵੇਗੀ।
Posted By: Daily Suraj Bureau