ਬੰਗਾ ਦੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਚੱਲੀਆਂ ਗੋਲੀਆਂ, ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ
ਬੰਗਾ ਦੇ ਸਾਗਰ ਗੇਟ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਸੱਭਿਆਚਾਰਕ ਮਿਮਿਕਰੀ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਪੁਲੀਸ ਨੇ ਗੋਲੀਬਾਰੀ ਦੇ ਕਾਰਨਾਂ ਅਤੇ ਹਾਲਾਤਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਪ੍ਰੋਗਰਾਮ ਮੁਹੱਲੇ ਦੇ ਇੱਕ ਸਥਾਨਕ ਨਿਵਾਸੀ ਵੱਲੋਂ ਕਰਵਾਇਆ ਗਿਆ ਸੀ। ਪ੍ਰੋਗਰਾਮ ਦੌਰਾਨ ਗੁਰਦੀਪ ਸਿੰਘ ਉਰਫ਼ ਦੀਪਾ ਬਖ਼ਲੌਰੀਆ ਆਪਣੇ ਕੁਝ ਸਾਥੀਆਂ ਨਾਲ ਉੱਥੇ ਪਹੁੰਚਿਆ। ਇਸ ਦੌਰਾਨ ਉਸ ਦੀ ਇੱਕ ਸਥਾਨਕ ਨਿਵਾਸੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਇਹ ਤਕਰਾਰ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ ਅਤੇ ਇਸੇ ਦੌਰਾਨ ਅਚਾਨਕ ਗੋਲੀਆਂ ਚੱਲਣ ਲੱਗੀਆਂ। ਗੋਲੀਬਾਰੀ ਦੌਰਾਨ ਪ੍ਰੋਗਰਾਮ ਦੇਖ ਰਹੀ ਇੱਕ ਔਰਤ ਦੇ ਪੱਟ ਦੇ ਪਿਛਲੇ ਹਿੱਸੇ ਵਿੱਚ ਗੋਲੀ ਲੱਗ ਗਈ। ਇਸੇ ਘਟਨਾ ਵਿੱਚ ਗੁਰਦੀਪ ਸਿੰਘ ਉਰਫ਼ ਦੀਪਾ ਬਖ਼ਲੌਰੀਆ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਤੁਰੰਤ ਬੰਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਗੁਰਦੀਪ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਅਗਲੇ ਇਲਾਜ ਲਈ ਹਾਇਰ ਮੈਡੀਕਲ ਸੈਂਟਰ (ਵੱਡੇ ਹਸਪਤਾਲ) ਰੈਫ਼ਰ ਕਰ ਦਿੱਤਾ। ਔਰਤ ਦਾ ਇਲਾਜ ਵੀ ਹਸਪਤਾਲ ਵਿੱਚ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੰਗਾ ਸਿਟੀ ਪੁਲੀਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਖ਼ਬਰ ਲਿਖੇ ਜਾਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਸੀ ਕਿ ਗੋਲੀ ਕਿਸ ਨੇ ਚਲਾਈ ਅਤੇ ਇਸ ਗੋਲੀਬਾਰੀ ਦੇ ਪਿੱਛੇ ਅਸਲ ਕਾਰਨ ਕੀ ਸਨ। ਇਸ ਸਬੰਧੀ ਬੰਗਾ ਸਿਟੀ ਥਾਣੇ ਦੇ ਏ.ਐੱਸ.ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਅਤੇ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Posted By: Daily Suraj Bureau