Daily Suraj

ਪੰਜਾਬੀ

ਸਾਫ ਪਾਣੀ ਨਾ ਮਿਲਣ ਕਾਰਨ ਹਰ ਸਾਲ 12 ਲੱਖ ਲੋਕਾਂ ਦੀ ਹੋ ਜਾਂਦੀ ਹੈ ਮੌਤ

02 Jun, 2025 10:27 PM

ਫਰੀਦਕੋਟ : ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਫਰੀਦਕੋਟ ਵੱਲੋਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋ ਬਚਾਅ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਸਬੰਧੀ ਸਿਵਲ ਸਰਜਨ ਫਰੀਦਕੋਟ ਨੇ ਆਈਡੀਐਸਪੀ ਵਿੰਗ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ਤੇ ਸਿਹਤ ਵਿਭਾਗ ਦੇ ਸਮੂਹ ਸਟਾਫ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਗਤੀਵਿਧੀਆਂ ਤੇਜ ਕਰਨ ਲਈ ਕਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਦੁਨੀਆ ਵਿਚ ਹਰ ਸਾਲ ਲਗਭਗ 12 ਲੱਖ ਲੋਕ ਪੀਣ ਵਾਲਾ ਸਾਫ ਪਾਣੀ ਨਾ ਮਿਲਣ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬਮਾਰੀਆਂ ਜਿਵੇ ਹੈਜ਼ਾ, ਦਸਤ ਰੋਗ, ਹੈਪਿਟਾਈਟਸ ਏ ਤੇ ਈ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਲਈ ਸ਼ਹਿਰ ਅਤੇ ਪਿੰਡਾਂ ਵਿੱਚੋਂ ਵੱਖ ਵੱਖ ਪਾਣੀ ਦੇ ਸਰੋਤਾਂ ਤੋਂ ਪਾਣੀ ਦੇ ਨਮੂਨੇ ਲੈ ਕੇ ਸਟੇਟ ਲੈਬਰਾਟਰੀ ਨੂੰ ਟੈਸਟਿੰਗ ਲਈ ਭੇਜੇ ਜਾਣ। ਉਹਨਾਂ ਸਮੂਹ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਇਹ ਧਿਆਨ ਰੱਖਿਆ ਜਾਵੇ ਕਿ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਕਸ ਨਾ ਹੋਵੇ ਜਿਸ ਲਈ ਸਬੰਧਤ ਵਿਭਾਗਾਂ ਨਾਲ ਰਾਬਤਾ ਰੱਖਿਆ ਜਾਵੇ। ਵਾਟਰ ਵਰਕਸਾਂ ਤੇ ਕਲੋਰੀਨੇਸ਼ਨ ਦੀ ਸਮੇਂ ਸਮੇਂ ਤੇ ਸੁਪਰਵੀਜ਼ਨ ਕੀਤੀ ਜਾਵੇ। ਆਸ਼ਾ ਵਰਕਰਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਪਾਣੀ ਮਿਕਸ ਹੋਣ ਜਾਂ ਲੋਕਾਂ ਦੇ ਬਿਮਾਰ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਤਰੁੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ । ਉਹਨਾਂ ਕਿਹਾ ਕਿ ਇਸਦੇ ਨਾਲ ਹੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਇਸ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਪੀਣ ਦਾ ਪਾਣੀ ਸਾਫ਼ ਭਾਂਡੇ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ। ਟੋਭਿਆਂ ਨੇੜੇ ਲੱਗੇ ਨਲਕਿਆਂ ਦਾ ਪਾਣੀ ਨਹੀਂ ਪੀਣਾ ਚਾਹੀਦਾ। ਖੁੱਲ੍ਹੇ ਮੈਦਾਨ ਵਿੱਚ ਜੰਗਲ ਪਾਣੀ ਨਹੀਂ ਜਾਣਾ ਚਾਹੀਦਾ ਸਿਰਫ ਪਖਾਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜਰੂਰ ਧੋਵੋ। ਗਲੇ-ਸੜੇ, ਜਿਆਦਾ ਕੱਚੇ ਜਾਂ ਜਿਆਦਾ ਪੱਕੇ ਫਲ ਅਤੇ ਸਬਜੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਮੌਕੇ ਜ਼ਿਲ੍ਹਾ ਐਪੀਡੀਮਲੋਜਿਸਟ ਡਾ. ਦੀਪਤੀ ਅਰੋੜਾ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਲਖਵਿੰਦਰ ਸਿੰਘ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਸਹਾਇਕ ਮਲੇਰੀਆ ਅਫਸਰ ਸ਼ਿੰਦਰਪਾਲ ਸਿੰਘ, ਵਿਨੋਦ ਕੁਮਾਰ ਸਿਹਤ ਸੁਪਰਵਾਈਜਰ ਗੁਰਸਵਿੰਦਰ ਸਿੰਘ, ਸੁਰੇਸ਼ ਕੁਮਾਰ, ਹਰਭਜਨ ਸਿੰਘ,ਅਮਰਜੀਤ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਅਤੇ ਮਲਟੀਪਰਪਜ਼ ਹੈਲਥ ਵਰਕਰ ਚਮਕੌਰ ਸਿੰਘ ਮੌਜੂਦ ਸਨ।

#CleanWater #WaterCrisis #HealthAwareness #SafeDrinkingWater #GlobalHealth #WaterPollution #PublicHealth

Posted By: Daily Suraj Bureau

Latest News