Daily Suraj

ਪੰਜਾਬੀ

ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਚਾਚੇ-ਭਤੀਜੇ ਦਾ ਕਤਲ

02 Mar, 2026 10:08 AM

ਪਿੰਡ ਖੋਖਰ ਵਿੱਚ ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ, ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਚਾਚੇ ਅਤੇ ਭਤੀਜੇ ਦਾ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਝਰਮਲ ਸਿੰਘ (45) ਪੁੱਤਰ ਮਿੱਠੂ ਸਿੰਘ (ਸਾਬਕਾ ਸਰਪੰਚ) ਅਤੇ ਉਸ ਦੇ ਭਤੀਜੇ ਦਲਜੀਤ ਸਿੰਘ (25) ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਦੇ ਚਚੇਰੇ ਭਰਾ ਨਿੱਕਾ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਮਹਿੰਦਰ ਸਿੰਘ ਦੇ ਨਵੇਂ ਘਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਇਸ ਲਈ ਝਰਮਲ ਸਿੰਘ ਅਤੇ ਦਲਜੀਤ ਸਿੰਘ ਸਾਈਕਲ ’ਤੇ ਮਹਿੰਦਰ ਸਿੰਘ ਦੇ ਘਰ ਵੱਲ ਜਾ ਰਹੇ ਸਨ। ਰਸਤੇ ਵਿੱਚ ਨੌਰੰਗ ਰੋਡ ’ਤੇ ਦਾਦੇ ਦੇ ਭਰਾ ਦੇ ਪਰਿਵਾਰਕ ਮੈਂਬਰਾਂ ਮੋਤੀ ਸਿੰਘ, ਬਿੱਕਰ ਸਿੰਘ ਅਤੇ ਜਸਵੰਤ ਸਿੰਘ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਕਾਲਾਂਵਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਝਰਮਲ ਸਿੰਘ ਦੇ ਭਰਾ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Posted By: Daily Suraj Bureau

Latest News