ਪੰਜਾਬ ਚੋਣ ਕੁਇਜ਼-2025 ਦੀ 17 ਜਨਵਰੀ ਤੱਕ ਕਰਵਾਈ ਜਾ ਸਕਦੀ ਰਜਿਸਟ੍ਰੇਸ਼ਨ
ਕਪੂਰਥਲਾ : ਨੈਸ਼ਨਲ ਵੋਟਰ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਪੰਜਾਬ ਚੋਣ ਕੁਇਜ਼-2025 ਮੁਕਾਬਲੇ ਵਿਚ ਵੱਡੇ ਪੱਧਰ ’ਤੇ ਜ਼ਿਲ੍ਹੇ ਦੇ ਲੋਕਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਚੋਣ ਤਹਿਸੀਲਦਾਰ ਮਨਜੀਤ ਕੌਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਣ ਦੇ ਨਾਲ-ਨਾਲ ਪੰਜਾਬ ਚੋਣ ਕੁਇਜ਼-2025 ਮੁਕਾਬਲੇ ਵਿਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਵੱਡੇ ਪੱਧਰ ’ਤੇ ਜ਼ਿਲ੍ਹੇ ਦੇ ਲੋਕਾਂ ਦੀ ਮੁਕਾਬਲੇ ਵਿਚ ਹਿੱਸੇਦਾਰੀ ਦਰਜ ਕੀਤੀ ਜਾ ਸਕੇ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਮੁਕਾਬਲੇ ਲਈ ਰਜਿਸਟਰਡ ਵੀ ਕਰਵਾਇਆ ਜਾਵੇ । ਜ਼ਿਕਰਯੋਗ ਹੈ ਕਿ ਪੰਜਾਬ ਚੋਣ ਕੁਇਜ਼-2025 ਆਨਲਾਈਨ ਅਤੇ ਆਫ਼ਲਾਈਨ ਦੋਵਾਂ ਢੰਗਾਂ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਲਈ ਆਨਲਾਈਨ ਰਜਿਸਟ੍ਰੇਸ਼ਨ https://Punjab.indiastatquiz.com ’ਤੇ 17 ਜਨਵਰੀ, 2025 ਤੱਕ ਕਰਵਾਈ ਜਾ ਸਕਦੀ ਹੈ । ਇਹ ਆਨਲਾਈਨ ਚੋਣ ਕੁਇਜ਼ ਮੁਕਾਬਲਾ 19 ਜਨਵਰੀ, 2025 ਨੂੰ ਹੋਵੇਗਾ ਅਤੇ ਰਾਜ ਪੱਧਰੀ ਆਫ਼ਲਾਈਨ ਮੁਕਾਬਲਾ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ ਹੋਵੇਗਾ । ਪਹਿਲੇ ਗੇੜ ਵਿੱਚ ਜੇਤੂਆਂ ਦੀ ਪਛਾਣ ਜ਼ਿਲ੍ਹਾ ਪੱਧਰ ਤੇ ਆਨਲਾਈਨ ਮੁਕਾਬਲੇ ਤਹਿਤ ਕੀਤੀ ਜਾਵੇਗੀ ਅਤੇ ਅੰਤਿਮ ਆਫ਼ਲਾਈਨ ਮੁਕਾਬਲਾ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ 23 ਜ਼ਿਲ੍ਹਿਆਂ ਦੇ ਜੇਤੂਆਂ ਵਿਚਕਾਰ ਹੋਵੇਗਾ । ਪਹਿਲੇ ਜੇਤੂ ਨੂੰ ਇੱਕ ਵਿੰਡੋਜ਼ ਲੈਪਟਾਪ, ਦੂਜੇ ਜੇਤੂ ਨੂੰ ਐਂਡਰਾਇਡ ਟੈਬਲੇਟ, ਤੀਜਾ ਜੇਤੂ ਨੂੰ ਇੱਕ ਸਮਾਰਟ ਵਾਚ ਅਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਟੌਪਰ ਲਈ ਇੱਕ ਸਮਾਰਟਫੋਨ ਸ਼ਾਮਲ ਹਨ ਅਤੇ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਪ੍ਰਾਪਤ ਹੋਵੇਗਾ।
Posted By: Daily Suraj Bureau