ਪੂਪ ਪਿੱਲਜ਼ ਨਾਲ ਕੈਂਸਰ ਇਲਾਜ ਵਿੱਚ ਨਵੀਂ ਉਮੀਦ, ਲੰਡਨ ਅਧਿਐਨ ਦੇ ਨਤੀਜੇ
ਲੰਡਨ ਦੇ ਲਾਅਸਨ ਰਿਸਰਚ ਇੰਸਟੀਚਿਊਟ ਵਿੱਚ ਕੀਤੇ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਪੂਪ ਪਿੱਲਜ਼ ਕੈਂਸਰ ਦੇ ਇਲਾਜ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ। ਇਨ੍ਹਾਂ ਪਿੱਲਜ਼ ਨੂੰ ਸਿਹਤਮੰਦ ਡੋਨਰਜ਼ ਦੇ ਮਲ ਵਿੱਚੋਂ ਮਾਈਕ੍ਰੋਬਜ਼ ਇਕੱਤਰ ਕਰਕੇ ਕੈਪਸੂਲ ਜਾਂ ਗੋਲੀ ਦੇ ਰੂਪ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਮਰੀਜ਼ ਨੂੰ ਦਿੱਤਾ ਜਾਂਦਾ ਹੈ। ਅਧਿਐਨ ਮੁਤਾਬਕ, ਇਹ ਪਿੱਲਜ਼ ਮਰੀਜ਼ ਦੇ ਅੰਦਰ ਸਿਹਤਮੰਦ ਮਾਈਕ੍ਰੋਆਰਗੇਨਿਜ਼ਮ ਤਿਆਰ ਕਰਦੀਆਂ ਹਨ, ਜੋ ਮਰੀਜ਼ ਦੇ ਇਮਿਊਨ ਸਿਸਟਮ ਨੂੰ ਕੈਂਸਰ ਸੈੱਲਜ਼ ਖ਼ਤਮ ਕਰਨ ਲਈ ਸਮਰੱਥ ਬਣਾਉਂਦੀਆਂ ਹਨ। ਇਸ ਤਰੀਕੇ ਨਾਲ ਪੈਂਕਰੀਆਜ਼, ਛਾਤੀ ਅਤੇ ਚਮੜੀ ਦੇ ਕੈਂਸਰ ਮਰੀਜ਼ਾਂ ਵਿੱਚ ਇਲਾਜ ਦੀ ਪ੍ਰਕਿਰਿਆ ਤੇਜ਼ ਹੋ ਰਹੀ ਹੈ। ਲੀਡ ਰਿਸਰਚਰ ਡਾ. ਸਮਨ ਮਾਲੇਕੀ ਨੇ ਦੱਸਿਆ ਕਿ ਇਸ ਵਿਧੀ ਨਾਲ ਸੋਧੀ ਹੋਈ ਇਮਿਊਨ ਪ੍ਰਕਿਰਿਆ ਕੈਂਸਰ ਸੈੱਲਜ਼ ‘ਤੇ ਸਿੱਧਾ ਹਮਲਾ ਕਰਦੀ ਹੈ, ਜਿਸ ਨਾਲ ਮਰੀਜ਼ ਦੀ ਸਿਹਤ ਤੇਜੀ ਨਾਲ ਸੁਧਰਦੀ ਹੈ। ਕਿਡਨੀ ਦੇ ਕੈਂਸਰ ਮਰੀਜ਼ਾਂ ਵਿੱਚ ਵੀ ਇਸ ਇਮਿਊਨੋਥੈਰੇਪੀ ਨਾਲ ਸਾਈਡ ਇਫੈਕਟਸ ਘੱਟ ਦਰਸਾਏ ਗਏ ਹਨ। ਵਿਸ਼ੇਸ਼ਗਿਆਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਇਹ ਪੂਪ ਪਿੱਲਜ਼ ਕੈਂਸਰ ਇਲਾਜ ਵਿੱਚ ਇੱਕ ਮਹੱਤਵਪੂਰਨ ਵਿਕਲਪ ਬਣ ਸਕਦੀਆਂ ਹਨ, ਖ਼ਾਸ ਕਰਕੇ ਉਹ ਮਰੀਜ਼ ਜਿਨ੍ਹਾਂ ਲਈ ਰਵਾਇਤੀ ਇਲਾਜ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਸਾਬਤ ਹੋਇਆ।
Posted By: Daily Suraj Bureau