Daily Suraj

ਪੰਜਾਬੀ

ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ‘ਪੁੰਘਰਦੀਆਂ ਕਲਮਾਂ’ ਸਮਾਗਮ ਕਰਵਾਇਆ

14 Dec, 2024 05:30 AM

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਪੰਜਾਬੀ ਸਮਾਜ ਦੀ ਇਤਿਹਾਸਕ ਪਰੰਪਰਾ : ਸਮਕਾਲੀਨ ਪ੍ਰਸੰਗਿਕਤਾ’ ਵਿਸ਼ੇ ਅਧੀਨ ਕਰਵਾਈ ਗਈ 36ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਦੀ ਅਗਵਾਈ ਅਧੀਨ ‘ਪੁੰਘਰਦੀਆਂ ਕਲਮਾਂ’ ਨਾਂ ਹੇਠ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ। ਜਿਸ ਵਿਚ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪੰਜਾਬੀ ਯੂਨੀਵਰਸਿਟੀ ਦੇ ਦਿਆਰਥੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮੁਖੀ ਡਾ. ਪਰਮਿੰਦਰਜੀਤ ਕੌਰ, ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ, ਡਾ. ਮੇਹਰ ਸਿੰਘ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਡਾ. ਦਰਸ਼ਨ ਸਿੰਘ ਆਸ਼ਟ ਸ਼ਾਮਲ ਹੋਏ। ਸੈਸ਼ਨ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦਿਆਂ ਨਵੀਂ ਪੀੜ੍ਹੀ ਨੂੰ ਸੁਚੱਜੀ ਅਗਵਾਈ ਦੇਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀ-ਕਲਮਕਾਰਾਂ ਦਾ ਸੈਸ਼ਨ ਵੀ ਅੰਤਰਰਾਸ਼ਟਰੀ ਕਾਨਫਰੰਸ ਦਾ ਵਿਸ਼ੇਸ਼ ਹਿੱਸਾ ਬਣਿਆ ਕਰੇਗਾ। ਡਾ. ਮੇਹਰ ਸਿੰਘ ਨੇ ਆਪਣੇ ਅਨੁਭਵਾਂ ਰਾਹੀਂ ਪੰਜਾਬ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਦੀ ਸਥਿਤੀ ਨੂੰ ਦਰਸਾਇਆ। ਡਾ. ਬਲਵਿੰਦਰ ਕੌਰ ਸਿੱਧੂ ਨੇ ਡਾ. ਦਰਸ਼ਨ ਸਿੰਘ ਆਸ਼ਟ ਦੀ ਵਿਦਿਆਰਥੀਆਂ ਨਾਲ ਤੁਆਰਫ਼ ਕਰਵਾਉਂਦਿਆਂ ਤੇ ਉਨ੍ਹਾਂ ਨੂੰ ਪੰਜਾਬੀ ਬਾਲ ਸਾਹਿਤ ਦਾ ਇਨਸਾਈਕਲੋਪੀਡੀਆ ਆਖਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਡੇ ਬੱਚਿਆਂ ਦੀਆਂ ਕਲਮਾਂ ਵਿਚ ਬਹੁਤ ਸੰਭਾਵਨਾਵਾਂ ਸਮੋਈਆਂ ਹੋਈਆਂ ਹਨ। ਇਸ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿਚ ਜਦੋਂ ਸਾਡੀ ਨਵੀਂ ਪੀੜ੍ਹੀ ਆਪਣੀ ਭਾਸ਼ਾ, ਸਾਹਿਤ, ਵਿਰਾਸਤ ਅਤੇ ਮੁੱਲਵਾਨ ਕਦਰਾਂ ਨਾਲੋਂ ਟੁੱਟਦੀ ਜਾ ਰਹੀ ਹੈ, ਇਸ ਸਥਿਤੀ ਵਿਚ ਉਸ ਨੂੰ ਮਿਆਰੀ ਸਾਹਿਤ ਦੇ ਅਧਿਐਨ ਅਤੇ ਸਿਰਜਣਾ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਸ ਸੈਸ਼ਨ ’ਚ ਸਕੂਲ ਪ੍ਰਿੰਸੀਪਲ ਸਤਬੀਰ ਸਿੰਘ ਦੀ ਅਗਵਾਈ ਅਧੀਨ ਪ੍ਰਭਨੂਰ ਕੌਰ, ਪੁਸ਼ਪਿੰਦਰ ਕੌਰ, ਰੀਆ, ਕਿਰਤਵੀਰ ਕੌਰ, ਜਸਲੀਨ ਕੌਰ, ਚਾਂਦਨੀ, ਜਸਮੀਤ ਕੌਰ, ਸ਼ਹਿਬਾਜ਼ ਸਿੰਘ, ਗੁਰਜੀਤ ਵਿਰਕ, ਹਰਲੀਨ ਕੌਰ ਅਤੇ ਦਸ਼ਮਸਰੂਪ ਕੌਰ ਨੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਬੇਰੁਜ਼ਗਾਰੀ, ਸਮਾਜਿਕ ਕੁਰੀਤੀਆਂ, ਵਿਸ਼ਵੀਕਰਨ, ਸਮੇਂ, ਧਰਮ-ਇਤਿਹਾਸ ਅਤੇ ਇਨਸਾਨੀਅਤ ਨਾਲ ਸੰਬੰਧਤ ਭਿੰਨ ਭਿੰਨ ਵਿਸ਼ਿਆਂ ਉਪਰ ਆਪੋ ਆਪਣੇ ਪੇਪਰ ਪੜ੍ਹੇ। ਇਸ ਦੌਰਾਨ ਉਘੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਸੈਸ਼ਨ ਤੋਂ ਪਹਿਲਾਂ ਇਹਨਾਂ ਵਿਦਿਆਰਥੀ ਕਲਮਕਾਰਾਂ ਦਾ ਕਲਮਾਂ ਨਾਲ ਸਨਮਾਨ ਵੀ ਕੀਤਾ ਗਿਆ।

Posted By: Daily Suraj Bureau

Latest News