ਪੱਛਮੀ ਬੰਗਾਲ ਵਿੱਚ ਐਸਆਈਆਰ 2026: ਡਰਾਫਟ ਸੂਚੀ ਜਾਰੀ, ਸੂਚੀ ਤੋਂ 58 ਲੱਖ ਤੋਂ ਵੱਧ ਨਾਮ ਕੱਟੇ
ਪੱਛਮੀ ਬੰਗਾਲ ਵਿੱਚ ਅਗਲੇ ਸਾਲ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੇ ਐੱਸਆਈਆਰ 2026 ਦੇ ਤਹਿਤ ਡਰਾਫਟ ਵੋਟਰ ਸੂਚੀ ਵਿੱਚੋਂ ਹਟਾਏ ਗਏ ਵੋਟਰਾਂ ਦੇ ਨਾਮ ਜਨਤਕ ਕਰ ਦਿੱਤੇ ਹਨ। ਡਰਾਫਟ ਸੂਚੀ ਜਾਰੀ ਹੋਣ ਤੋਂ ਕੁਝ ਘੰਟੇ ਪਹਿਲਾਂ ਮੰਗਲਵਾਰ ਸਵੇਰੇ ਕਮਿਸ਼ਨ ਨੇ ਇਹ ਸੂਚੀ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਅੱਪਲੋਡ ਕੀਤੀ।
ਇਸ ਸੂਚੀ ਵਿੱਚ ਉਨ੍ਹਾਂ ਵੋਟਰਾਂ ਦੇ ਨਾਮ ਸ਼ਾਮਲ ਹਨ, ਜੋ 2025 ਦੀ ਵੋਟਰ ਸੂਚੀ ਵਿੱਚ ਦਰਜ ਸਨ, ਪਰ 2026 ਦੀ ਡਰਾਫਟ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਵੋਟਰ ਸੂਚੀ ਨੂੰ ਅੱਪਡੇਟ ਅਤੇ ਤਰੁੱਟੀ-ਮੁਕਤ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਹੈ। ਹਟਾਏ ਗਏ ਵੋਟਰਾਂ ਦੀ ਸੂਚੀ ਕਮਿਸ਼ਨ ਦੇ ਪੋਰਟਲ ceowestbengal.wb.gov.in/asdsir 'ਤੇ ਉਪਲਬਧ ਕਰਵਾਈ ਗਈ ਹੈ।
ਕਮਿਸ਼ਨ ਦੇ ਸੂਤਰਾਂ ਮੁਤਾਬਕ ‘ਅਨਕਲੈਕਟੇਬਲ ਐਸਆਈਆਰ ਐਨਿਊਮਰੇਸ਼ਨ ਫਾਰਮ’ ਦੀ ਗਿਣਤੀ 58 ਲੱਖ ਤੋਂ ਵੱਧ ਹੋ ਚੁੱਕੀ ਹੈ। ਇਨ੍ਹਾਂ ਮਾਮਲਿਆਂ ਵਿੱਚ ਜਾਂ ਤਾਂ ਵੋਟਰ ਆਪਣੇ ਰਜਿਸਟਰਡ ਪਤੇ 'ਤੇ ਨਹੀਂ ਮਿਲੇ, ਸਥਾਈ ਤੌਰ 'ਤੇ ਤਬਦੀਲ ਹੋ ਚੁੱਕੇ ਸਨ, ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਜਾਂ ਉਹ ਇੱਕ ਤੋਂ ਵੱਧ ਵਿਧਾਨ ਸਭਾ ਖੇਤਰਾਂ ਵਿੱਚ ਡੁਪਲੀਕੇਟ ਵੋਟਰ ਵਜੋਂ ਦਰਜ ਪਾਏ ਗਏ।
ਚੋਣ ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵੋਟਰਾਂ ਨੂੰ ਸੂਚੀ ਵਿੱਚੋਂ ਨਾਮ ਹਟਾਏ ਜਾਣ 'ਤੇ ਇਤਰਾਜ਼ ਹੈ, ਉਨ੍ਹਾਂ ਲਈ ਦਾਅਵਾ ਅਤੇ ਇਤਰਾਜ਼ ਦਰਜ ਕਰਾਉਣ ਦਾ ਮੌਕਾ ਖੁੱਲ੍ਹਾ ਰਹੇਗਾ। ਕਮਿਸ਼ਨ ਦੀ ਵੈੱਬਸਾਈਟ ਅਨੁਸਾਰ 16/12/2025 ਤੋਂ 15/01/2026 ਤੱਕ ਪ੍ਰਭਾਵਿਤ ਵਿਅਕਤੀ ਫਾਰਮ 6, ਘੋਸ਼ਣਾ ਫਾਰਮ ਅਤੇ ਜ਼ਰੂਰੀ ਸਹਾਇਕ ਦਸਤਾਵੇਜ਼ਾਂ ਨਾਲ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ।
ਕਮਿਸ਼ਨ ਦਾ ਕਹਿਣਾ ਹੈ ਕਿ ਇਹ ਪੂਰੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਚੋਣ ਪ੍ਰਣਾਲੀ ਵਿੱਚ ਭਰੋਸਾ ਮਜ਼ਬੂਤ ਕਰਨ ਦੇ ਉਦੇਸ਼ ਤਹਿਤ ਕੀਤੀ ਜਾ ਰਹੀ ਹੈ।
Posted By: Daily Suraj Bureau