Daily Suraj

ਪੰਜਾਬੀ

ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਤੂਫ਼ਾਨ ਤੇ ਗੜੇਮਾਰੀ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

28 May, 2026 05:05 PM

ਭਿਆਨਕ ਗਰਮੀ ਨਾਲ ਜੂਝ ਰਹੇ ਹਰਿਆਣਾ ਵਿੱਚ ਵੀਰਵਾਰ ਸ਼ਾਮ ਅਚਾਨਕ ਮੌਸਮ ਨੇ ਕਰਵਟ ਲੈ ਲਈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ, ਧੂੜ ਭਰੀਆਂ ਹਵਾਵਾਂ ਅਤੇ ਗੜੇਮਾਰੀ ਦੇਖਣ ਨੂੰ ਮਿਲੀ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਕਈ ਥਾਵਾਂ ‘ਤੇ ਨੁਕਸਾਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਮਿਲੀ ਜਾਣਕਾਰੀ ਅਨੁਸਾਰ ਰੇਵਾੜੀ, ਸਿਰਸਾ ਅਤੇ ਫ਼ਤਿਹਾਬਾਦ ਜ਼ਿਲ੍ਹਿਆਂ ਵਿੱਚ ਤੇਜ਼ ਹਨ੍ਹੇਰੀ ਅਤੇ ਮੀਂਹ ਦੇ ਨਾਲ ਗੜੇ ਵੀ ਪਏ। ਫ਼ਤਿਹਾਬਾਦ ਦੇ ਜਾਂਡਵਾਲਾ ਬਾਂਗਰ ਇਲਾਕੇ ਵਿੱਚ ਤੂਫ਼ਾਨ ਇੰਨਾ ਤੇਜ਼ ਸੀ ਕਿ ਇੱਕ ਮੋਬਾਈਲ ਟਾਵਰ ਵਿਚਕਾਰੋਂ ਟੁੱਟ ਕੇ ਹੇਠਾਂ ਵੱਲ ਲਟਕ ਗਿਆ। ਇਸ ਤੋਂ ਇਲਾਵਾ ਸਿਰਸਾ ਦੇ ਰਾਨੀਆਂ ਖੇਤਰ ਵਿੱਚ ਖੇਤਾਂ ਵਿਚ ਵਾਵਰੋਲਾ ਉੱਠਦਾ ਵੀ ਦਿਖਾਈ ਦਿੱਤਾ। ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਦੌਰਾਨ ਹਿਸਾਰ, ਹਾਂਸੀ, ਚਰਖੀ ਦਾਦਰੀ, ਭਿਵਾਨੀ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਰੋਹਤਕ, ਗੁਰੂਗ੍ਰਾਮ, ਪਲਵਲ ਅਤੇ ਫ਼ਰੀਦਾਬਾਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ ਨਾਲ ਮੀਂਹ ਅਤੇ ਤੇਜ਼ ਧੂੜ ਭਰੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਦਿੱਲੀ, ਨੋਇਡਾ ਅਤੇ ਪੂਰੇ ਐਨਸੀਆਰ ਖੇਤਰ ਵਿੱਚ ਵੀ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਦਿੱਲੀ-ਐਨਸੀਆਰ ਵਿੱਚ ਵੀਰਵਾਰ ਸ਼ਾਮ ਜਾਂ ਰਾਤ ਤੱਕ ਹਨ੍ਹੇਰੀ ਦੇ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਇਸ ਸਥਿਤੀ ਨੂੰ ਦੇਖਦੇ ਹੋਏ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਵਿਭਾਗ ਦੇ ਅਨੁਸਾਰ ਅਗਲੇ ਕੁਝ ਘੰਟਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ, ਜਦਕਿ ਕੁਝ ਥਾਵਾਂ ‘ਤੇ ਹਵਾ ਦੀ ਗਤੀ 70 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੀਂਹ ਦੇ ਨਾਲ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM