ਫ਼ਾਜ਼ਿਲਕਾ ਵਿੱਚ 18 ਦਸੰਬਰ ਨੂੰ ਰਾਜਪਾਲ ਦਾ ਸਰਕਾਰੀ ਦੌਰਾ
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ 18 ਦਸੰਬਰ ਨੂੰ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਉਨ੍ਹਾਂ ਦੀ ਆਮਦ ਸਬੰਧੀ ਲੋੜੀਂਦੇ ਪ੍ਰਬੰਧਾਂ ਨੁੰ ਨੇਪਰੇ ਚਾੜ੍ਹਨ ਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮੀਟਿੰਗ ਕਰਨ ਮੌਕੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੌਰੇ ਦੌਰਾਨ ਉਹ ਸ਼ਹੀਦਾਂ ਦੀ ਸਮਾਧ ਆਸਫ ਵਾਲਾ ਵਾਰ ਮੈਮੋਰੀਅਲ ਵਿਖੇ ਨਤਮਸਤਕ ਹੋਣਗੇ। ਇਸ ਉਪਰੰਤ ਉਨ੍ਹਾਂ ਦੀ ਅਗਵਾਈ ਹੇਠ ਸੰਜੀਵ ਸਿਨੇਮਾ ਚੋਂਕ ਤੋਂ ਘੰਟਾ ਘਰ ਤੱਕ ਮਾਰਚ ਵੀ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਮਾਨਯੋਗ ਰਾਜਪਾਲ ਵਿਲੇਜ਼ ਡਿਫੈਂਸ ਕਮੇਟੀਆਂ ਨਾਲ ਵਿਚਾਰ ਚਰਚਾ ਕਰਨਗੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਮਾਨਯੋਗ ਰਾਜਪਾਲ ਦੀ ਆਮਦ ‘ਤੇ ਲਗਾਈ ਗਈ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਸੁਰੱਖਿਆਂ ਪੱਖੋਂ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਸਿਹਤ ਵਿਭਾਗ, ਨਗਰ ਕੌਂਸਲ, ਪੀਡਬਲਯੂਡੀ, ਟਰਾਂਸਪੋਰਟ, ਮੰਡੀ ਬੋਰਡ, ਵਾਟਰ ਸਪਲਾਈ, ਬਿਜਲੀ ਵਿਭਾਗ ਆਦਿ ਹੋਰਨਾਂ ਵਿਭਾਗਾਂ ਨੂੰ ਆਪੋ-ਆਪਣੇ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ,ਐਸ.ਡੀ.ਐਮ. ਕੰਵਰਜੀਤ ਸਿੰਘ ਮਾਨ ਤੇ ਕ੍ਰਿਸ਼ਨ ਪਾਲ ਰਾਜਪੂਤ, ਸ. ਅਮਨਦੀਪ ਸਿੰਘ ਮਾਵੀ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਸ੍ਰੀ ਅਰਵਿੰਦ ਕੁਮਾਰ ਸਮੇਤ ਆਰਮੀ ਤੇ ਬੀ.ਐਸ.ਐਫ. ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ
Posted By: Daily Suraj Bureau