Daily Suraj

ਪੰਜਾਬੀ

ਖੇਤਾਂ ਦੀ ਬਿਜਲੀ ਸਪਲਾਈ ਦਾ ਸਮਾਂ ਤਬਦੀਲ ਕਰਨ ਸਬੰਧੀ ਕਿਸਾਨਾਂ ਨੇ ਸੌਂਪਿਆ ਮੰਗ ਪੱਤਰ

11 Apr, 2026 04:15 PM

(ਜਗਸੀਰ ਸਿੰਘ ) - ਅੱਜ ਕਿਸਾਨਾਂ ਦਾ ਵਫਦ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੌਂਗੋਵਾਲ ਸਬ ਡਵੀਜ਼ਨ ਵਿਖੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲਿਆ ਤੇ ਵਿਭਾਗ ਦੇ ਅਧਿਕਾਰੀ ਕਰਮਜੀਤ ਸਿੰਘ ਰਾਹੀਂ ਐਸਡੀਓ ਦੇ ਨਾਂ ਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜੋ ਖੇਤਾਂ ਦੀ ਬਿਜਲੀ ਸਪਲਾਈ ਰਾਤ ਨੂੰ ਡੇਢ ਵਜੇ ਤੋਂ ਸਵੇਰੇ 4 ਵਜੇ ਤੱਕ ਦਿੱਤੀ ਜਾ ਰਹੀ ਹੈ ਇਹ ਸਮਾਂ ਗਲਤ ਹੈ ਜਿੱਥੇ ਇਸ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਹੁੰਦੀ ਹੈ ਉੱਥੇ ਜੇਕਰ ਰਾਤ ਨੂੰ ਡੇਢ ਵਜੇ ਸਪਾਰਕਿੰਗ ਵਗੈਰਾ ਨਾਲ ਕੋਈ ਅੱਗ ਲੱਗਣ ਦੀ ਘਟਨਾ ਵਾਪਰ ਜਾਵੇ ਤਾਂ ਉਸ ਸਮੇਂ ਕੋਈ ਵੀ ਜਾਗਦਾ ਨਹੀਂ ਹੁੰਦਾ ਤੇ ਨਾ ਹੀ ਜਲਦੀ ਕਿਸੇ ਨੂੰ ਪਤਾ ਲੱਗਣਾ ਹੈ। ਤਾਂ ਉਹ ਘਟਨਾ ਤੇ ਕਾਬੂ ਪਾਉਣਾ ਮੁਸ਼ਕਿਲ ਹੈ ਅਤੇ ਜੋ ਖੇਤਾਂ ਵਿੱਚ ਹਰਾ ਚਾਰਾ ਬੀਜਿਆ ਹੈ ਉਸ ਨੂੰ ਵੀ ਪਾਣੀ ਦੀ ਜਰੂਰਤ ਹੁੰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਉਪਰੋਕਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤਾਂ ਦੀ ਬਿਜਲੀ ਸਪਲਾਈ ਦਾ ਸਮਾਂ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਕੀਤਾ ਜਾਵੇ। ਵਫਦ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਅਤੇ ਅਮਰਜੀਤ ਸਿੰਘ ਬਰਾੜ, ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ ਤੇ ਦਰਸ਼ਨ ਸਿੰਘ ਨੇ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਪਿੰਡੀ ਸਤੀਪੁਰਾ ਇਲਾਕੇ ਵਿੱਚ ਦਿਨ ਸਮੇਂ ਬਿਜਲੀ ਦੀ ਸਪਾਰਕਿੰਗ ਕਾਰਨ ਇੱਕ ਗਰੀਬ ਕਿਸਾਨ ਦੀ 2 ਏਕੜ ਕਣਕ ਦੀ ਫਸਲ ਸੜ ਕੇ ਤਬਾਹ ਹੋ ਗਈ ਸੀ,ਢਿੱਲੀਆਂ ਤਾਰਾਂ ਨੂੰ ਠੀਕ ਕਰਨ ਅਤੇ ਸੜੇ ਹੋਏ ਟਰਾਂਸਫਾਰਮਰਾਂ ਨੂੰ ਬਦਲਣ ਤੇ ਹੋਰ ਖਾਮੀਆਂ ਦੂਰ ਕਰਨ ਦੀ ਬਜਾਏ ਬਿਜਲੀ ਵਿਭਾਗ ਨੇ ਕਿਸਾਨਾਂ ਨੂੰ ਸਮੇਂ ਸਿਰ ਬਿਜਲੀ ਦੇਣੀ ਹੀ ਬੰਦ ਕਰ ਦਿੱਤੀ ਹੈ ਜੋ ਕਿ ਸਮੱਸਿਆ ਦਾ ਸਹੀ ਹੱਲ ਨਹੀਂ ਹੈ ਅਤੇ ਬਿਜਲੀ ਸਪਲਾਈ ਨੂੰ ਤਰਕ ਸੰਗਤ ਕੀਤਾ ਜਾਵੇ। ਵਫਦ ਵਿੱਚ ਭੋਲਾ ਸਿੰਘ ਪਨਾਂਚ,ਨਿੱਕਾ ਸਿੰਘ ਦੁਲਟ,ਜੀਵਨ ਸਿੰਘ,ਹਾਕਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜਰ ਸਨ।

Posted By: Daily Suraj Bureau

Latest News