Daily Suraj

ਪੰਜਾਬੀ

ਅੰਮ੍ਰਿਤਸਰ ਵਿੱਚ ਬਿਨਾਂ HSRP ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ CNG

22 Sep, 2026 08:13 AM

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਾਹਨਾਂ ਦੀ ਸਹੀ ਪਛਾਣ ਯਕੀਨੀ ਬਣਾਉਣ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਨਜ਼ਰ ਮਜ਼ਬੂਤ ਕਰਨ ਲਈ ਅਹਿਮ ਫ਼ੈਸਲਾ ਲਿਆ ਹੈ। ਨਵੇਂ ਹੁਕਮਾਂ ਤਹਿਤ ਹੁਣ ਬਿਨਾਂ ਸਹੀ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ (HSRP), ਬਿਨਾਂ ਨੰਬਰ ਪਲੇਟ, ਗਲਤ ਨੰਬਰ ਪਲੇਟ ਜਾਂ ਛੇੜਛਾੜ ਕੀਤੀ ਹੋਈ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ, ਡੀਜ਼ਲ ਅਤੇ CNG ਨਹੀਂ ਦਿੱਤੀ ਜਾਵੇਗੀ। ਪੁਲੀਸ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਇਹ ਕਦਮ ਵਾਹਨਾਂ ਦੀ ਪਛਾਣ ਨੂੰ ਪਾਰਦਰਸ਼ੀ ਬਣਾਉਣ, ਅਪਰਾਧਿਕ ਮਾਮਲਿਆਂ ਵਿੱਚ ਨਿਗਰਾਨੀ ਮਜ਼ਬੂਤ ਕਰਨ ਅਤੇ ਜਨਤਕ ਸੁਰੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮੰਤਵ ਨਾਲ ਚੁੱਕਿਆ ਗਿਆ ਹੈ। ਇਸ ਸਬੰਧੀ ਸਾਰੇ ਪੈਟਰੋਲ ਪੰਪ ਸੰਚਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਅਜਿਹੇ ਵਾਹਨਾਂ ਨੂੰ ਈਂਧਨ ਨਾ ਦੇਣ, ਜਿਨ੍ਹਾਂ ’ਤੇ ਨਿਯਮਾਂ ਅਨੁਸਾਰ ਵੈਧ HSRP ਨੰਬਰ ਪਲੇਟ ਨਹੀਂ ਲੱਗੀ ਹੋਈ ਜਾਂ ਜਿਨ੍ਹਾਂ ਦੀ ਨੰਬਰ ਪਲੇਟ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਹੋਵੇ। ਪੁਲੀਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ BNSS ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਜੇਕਰ ਕਿਸੇ ਵਾਹਨ ਦੇ ਅੱਗੇ ਅਤੇ ਪਿੱਛੇ HSRP ਨੰਬਰ ਪਲੇਟ ਨਹੀਂ ਲੱਗੀ ਹੋਵੇਗੀ ਤਾਂ ਉਸ ਨੂੰ ਪੈਟਰੋਲ, ਡੀਜ਼ਲ ਜਾਂ CNG ਮੁਹੱਈਆ ਨਹੀਂ ਕਰਵਾਈ ਜਾਵੇਗੀ। ਹਾਲਾਂਕਿ, ਵੈਧ ਰਜਿਸਟ੍ਰੇਸ਼ਨ ਜਾਂ ਟੈਂਪਰੇਰੀ ਨੰਬਰ ਵਾਲੀਆਂ ਨਵੀਆਂ ਗੱਡੀਆਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਂਬੂਲੈਂਸਾਂ, ਫਾਇਰ ਟੈਂਡਰਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਵਾਹਨਾਂ ’ਤੇ ਵੀ ਇਹ ਨਿਯਮ ਲਾਗੂ ਨਹੀਂ ਹੋਵੇਗਾ। ਨਵੇਂ ਹੁਕਮਾਂ ਤਹਿਤ ਸਾਰੇ ਪੈਟਰੋਲ ਪੰਪਾਂ ’ਤੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ 3×3 ਫੁੱਟ ਦੇ ਜਾਣਕਾਰੀ ਬੋਰਡ ਲਗਾਉਣੇ ਲਾਜ਼ਮੀ ਹੋਣਗੇ। ਇਸ ਦੇ ਨਾਲ ਹੀ ਪੰਪਾਂ ’ਤੇ ਲੱਗੇ CCTV ਅਤੇ ANPR ਕੈਮਰੇ 24 ਘੰਟੇ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਮਰਿਆਂ ਦੀ ਫੁਟੇਜ ਘੱਟੋ-ਘੱਟ 30 ਦਿਨਾਂ ਤੱਕ ਸੁਰੱਖਿਅਤ ਰੱਖਣੀ ਹੋਵੇਗੀ। ਪੁਲੀਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵਾਹਨ ਚਾਲਕ ਨੂੰ ਨੰਬਰ ਪਲੇਟ ਨਾ ਹੋਣ ਕਾਰਨ ਈਂਧਨ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਅਤੇ ਉਹ ਪੈਟਰੋਲ ਪੰਪ ’ਤੇ ਵਿਵਾਦ ਜਾਂ ਹੰਗਾਮਾ ਕਰਦਾ ਹੈ ਤਾਂ ਪੰਪ ਪ੍ਰਬੰਧਕ ਤੁਰੰਤ ਪੁਲੀਸ ਜਾਂ ਐਮਰਜੈਂਸੀ ਹੈਲਪਲਾਈਨ ਨੰਬਰ 112 ’ਤੇ ਸੂਚਨਾ ਦੇਣਗੇ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ BNSS ਦੀ ਧਾਰਾ 223 ਅਤੇ ਮੋਟਰ ਵਹੀਕਲ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਪੁਲੀਸ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਵਾਹਨ ਨਿਯਮਾਂ ਦੀ ਪਾਲਣਾ ਯਕੀਨੀ ਬਣੇਗੀ ਅਤੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤੀ ਮਿਲੇਗੀ।

Posted By: Daily Suraj Bureau

Latest News