ਬੀ.ਕੇ.ਯੂ. ਆਜ਼ਾਦ ਨੇ ਚਿੱਪ ਵਾਲੇ ਮੀਟਰ ਪੱਟ ਕੇ ਬਿਜਲੀ ਵਿਭਾਗ ਦੇ ਸਬ ਡਵੀਜ਼ਨ ਵਿੱਚ ਜਮ੍ਹਾਂ ਕਰਵਾਏ
ਲੌਂਗੋਵਾਲ,10 ਦਸੰਬਰ (ਜਗਸੀਰ ਸਿੰਘ)- ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਅੱਜ ਪੰਜਾਬ ਵਿੱਚ ਚਿੱਪ ਵਾਲੇ ਮੀਟਰ ਪੱਟ ਕ ਜਮਾਂ ਕਰਵਾਉਣ ਦੀ ਕਾਲ ਦੇ ਦਿੱਤੇ ਪ੍ਰੋਗਰਾਮ ਅਧੀਨ ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਵੱਲੋਂ ਅੱਜ ਲੌਂਗੋਵਾਲ ਸਬ ਡਵੀਜ਼ਨ ਵਿਖੇ ਜਮਾਂ ਕਰਵਾਏ ਗਏ। ਇਸ ਸਮੇਂ ਯੂਨੀਅਨ ਦੇ ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਤੇ ਅੱਜ ਲੌਂਗੋਵਾਲ ,ਪਿੰਡੀ ਕੇਹਰ ਸਿੰਘ ਵਾਲੀ,ਦੁੱਲਟ ਕੋਠੇ ਵਿੱਚੋਂ ਖਪਤਕਾਰਾਂ ਦੀ ਸਹਿਮਤੀ ਦੇ ਨਾਲ ਮੀਟਰ ਪੱਟ ਕੇ ਸਿੱਧੀਆਂ ਤਾਰਾਂ ਜੋੜਕੇ ਖਪਤਕਾਰਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਕਿਸਮ ਦੇ ਜੁਰਮਾਨੇ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਕਰਨ ਦਿੱਤੇ ਜਾਣਗੇ,ਜੇ ਸਰਕਾਰ ਧੱਕਾ ਕਰਦੀ ਹੈ ਤਾਂ ਜਥੇਬੰਦੀ ਹਿੱਕ ਡਾਹ ਕੇ ਖਪਤਕਾਰਾਂ ਦੇ ਅੱਗੇ ਖੜੇਗੀ। ਉਨ੍ਹਾਂ ਕਿਹਾ ਕਿਉਂਕਿ ਇਹ ਬਿਜਲੀ ਬਿਲ 2025 ਦੇ ਲਾਗੂ ਹੋਣ ਨਾਲ ਗਰੀਬ ਲੋਕਾਂ ਦੇ ਘਰਾਂ ਦੇ ਵਿੱਚੋਂ ਜਗਦੇ ਬੱਲਬ ਤੇ ਲੋਕਾਂ ਦੇ ਜਿਉਣ ਦਾ ਸਾਹ ਬਣ ਚੁੱਕੀ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਹੋ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਦਾ ਵੀ ਬਿਜਲੀ ਬਿਲ 2025 ਦੇ ਬਾਰੇ ਬਿਆਨ ਨਾਂ ਦੇਣਾ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਮੋਰਚੇ ਤੇ ਪੁਲਿਸ ਜਬਰ ਕਰਨਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕਾਂ ਦੀ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਿਲ ਨੂੰ ਪੰਜਾਬ ਚ ਲਾਗੂ ਕਰਾਕੇ ਲੋਕਾਂ ਦਾ ਗਲ਼ਾ ਘੁੱਟਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਜਥੇਬੰਦੀ ਦੇ ਆਗੂਆਂ ਕੋਲ ਲੋਕ ਮੀਟਰ ਪੁੱਟਣ ਲਈ ਵੱਡੀ ਪੱਧਰ ਤੇ ਪਹੁੰਚ ਕਰ ਰਹੇ ਹਨ, ਆਉਣ ਵਾਲੇ ਦਿਨਾਂ ਵਿੱਚ ਵੀ ਮੀਟਰ ਪੱਟਣ ਦੀ ਬੇਨਤੀ ਲੈਕੇ ਆਉਣ ਵਾਲੇ ਪਰਿਵਾਰਾਂ ਦੇ ਮੀਟਰ ਪੱਟ ਕੇ ਜਮਾਂ ਕਰਵਾਏ ਜਾਣਗੇ। ਇਸ ਸਮੇਂ ਬੀ.ਕੇ.ਯੂ. ਆਜ਼ਾਦ ਦੇ ਆਗੂ ਅਮਰ ਸਿੰਘ ਲੌਂਗੋਵਾਲ, ਅਮਰਜੀਤ ਲੌਂਗੋਵਾਲ, ਸੁਖਦੇਵ ਲੌਂਗੋਵਾਲ, ਧੰਨਾਂ ਦਿਆਲਗੜ੍ਹ,ਬੰਤ ਸਿੰਘ ਆਦਿ ਹਾਜ਼ਰ ਸਨ।
Posted By: Daily Suraj Bureau