ਲਾਹੌਰ ਯੂਨੀਵਰਸਿਟੀ ਨੇ ਸੰਸਕ੍ਰਿਤ ਪਾਠਕ੍ਰਮ ਫਿਰ ਤੋਂ ਲਾਂਚ ਕੀਤਾ
ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਿੱਚ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾ ਰਹੀ ਹੈ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ਼ (ਲੰਮਸ) ਨੇ ਇਸ ਕਲਾਸੀਕਲ ਭਾਸ਼ਾ ਦਾ ਕੋਰਸ ਸ਼ੁਰੂ ਕੀਤਾ ਹੈ। ਸ਼ੁਰੂਆਤ ਵਿੱਚ ਇਹ ਤਿੰਨ ਮਹੀਨਿਆਂ ਦੀ ਵਰਕਸ਼ਾਪ ਵਜੋਂ ਸ਼ੁਰੂ ਹੋਇਆ ਸੀ, ਪਰ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਇਸ ਨੂੰ ਪੂਰੇ ਚਾਰ ਕ੍ਰੈਡਿਟ ਵਾਲੇ ਯੂਨੀਵਰਸਿਟੀ ਕੋਰਸ ਵਿੱਚ ਤਬਦੀਲ ਕਰ ਦਿੱਤਾ ਗਿਆ।
ਗੁਰਮਾਨੀ ਸੈਂਟਰ ਦੇ ਡਾਇਰੈਕਟਰ ਡਾ. ਅਲੀ ਉਸਮਾਨ ਕਾਸਮੀ ਨੇ ਦੱਸਿਆ ਕਿ ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ ਵਿੱਚ ਸੰਸਕ੍ਰਿਤ ਦੀਆਂ ਬਹੁਤ ਹੀ ਅਨਮੋਲ ਹੱਥ-ਲਿਖਤਾਂ ਮੌਜੂਦ ਹਨ, ਪਰ 1947 ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਵਿਦਵਾਨ ਨੇ ਇਨ੍ਹਾਂ ’ਤੇ ਕੰਮ ਨਹੀਂ ਕੀਤਾ। ਹੁਣ ਤੱਕ ਸਿਰਫ਼ ਵਿਦੇਸ਼ੀ ਖੋਜਾਰਥੀ ਹੀ ਇਨ੍ਹਾਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਉਮੀਦ ਜਤਾਈ ਕਿ ਸਥਾਨਕ ਵਿਦਵਾਨ ਤਿਆਰ ਹੋਣ ਨਾਲ ਇਹ ਸਥਿਤੀ ਬਦਲੇਗੀ। ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿੱਚ ਮਹਾਭਾਰਤ ਅਤੇ ਭਗਵਦ ਗੀਤਾ ’ਤੇ ਵੀ ਕੋਰਸ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਪਹਿਲਕਦਮੀ ਡਾ. ਸ਼ਾਹਿਦ ਰਸ਼ੀਦ ਨੇ ਕੀਤੀ ਹੈ, ਜੋ ਫੋਰਮੈਨ ਕ੍ਰਿਸਚੀਅਨ ਕਾਲਜ ਵਿੱਚ ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਨੇ ਆਨਲਾਈਨ ਪਲੇਟਫਾਰਮਾਂ ਰਾਹੀਂ ਖੁਦ ਸੰਸਕ੍ਰਿਤ ਸਿੱਖੀ ਅਤੇ ਹੁਣ ਉਹ ਲੰਮਸ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਲੋਕ ਪੜ੍ਹਾਉਂਦੇ ਹਨ ਤਾਂ ਵਿਦਿਆਰਥੀ ਇਹ ਜਾਣ ਕੇ ਹੈਰਾਨ ਰਹਿ ਜਾਂਦੇ ਹਨ ਕਿ ਉਰਦੂ ਦੇ ਕਈ ਸ਼ਬਦ ਸੰਸਕ੍ਰਿਤ ਤੋਂ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਕਿਸੇ ਇੱਕ ਧਰਮ ਦੀ ਨਹੀਂ ਸਗੋਂ ਪੂਰੇ ਖੇਤਰ ਦੀ ਸਾਂਝੀ ਵਿਰਾਸਤ ਹੈ।
Posted By: Daily Suraj Bureau