ਅੱਜ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਸਮਾਂ ਤੇ ਸੂਤਕ ਕਾਲ
ਸਾਲ ਦਾ ਪਹਿਲਾ ਚੰਦਰ ਗ੍ਰਹਿਣ ਅੱਜ 3 ਮਾਰਚ ਨੂੰ ਲੱਗਣ ਜਾ ਰਿਹਾ ਹੈ। ਭਾਰਤੀ ਮਿਆਰੀ ਸਮੇਂ ਮੁਤਾਬਕ ਇਹ ਗ੍ਰਹਿਣ ਦੁਪਹਿਰ 3:20 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6:46 ਵਜੇ ਸਮਾਪਤ ਹੋਵੇਗਾ। Punjab ਸਮੇਤ ਦੇਸ਼ ਦੇ ਕਈ ਮੁੱਖ ਸ਼ਹਿਰਾਂ ਵਿੱਚ ਇਹ ਗ੍ਰਹਿਣ ਸ਼ਾਮ 6:24 ਵਜੇ ਤੋਂ 6:46 ਵਜੇ ਤੱਕ ਦਿੱਖਣ ਦੀ ਸੰਭਾਵਨਾ ਹੈ। ਇਸ ਕਾਰਨ ਇਸਦਾ ਸੂਤਕ ਕਾਲ ਵੀ ਲਾਗੂ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਚੰਦਰ ਗ੍ਰਹਿਣ ਸਿੰਘ ਰਾਸ਼ੀ ਅਤੇ ਪੂਰਵ ਫਾਲਗੁਨੀ ਨਕਸ਼ਤਰ ਵਿੱਚ ਹੋਵੇਗਾ। ਚੰਦਰ ਗ੍ਰਹਿਣ ਦਾ ਸੂਤਕ ਕਾਲ ਅੱਜ ਸਵੇਰੇ 6:20 ਵਜੇ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਹ ਗ੍ਰਹਿਣ ਦੇ ਸਮਾਪਤ ਹੋਣ ਨਾਲ ਖਤਮ ਹੋਵੇਗਾ। ਆਮ ਤੌਰ ‘ਤੇ ਸੂਤਕ ਕਾਲ ਗ੍ਰਹਿਣ ਤੋਂ ਲਗਭਗ ਨੌਂ ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਭਾਰਤ ਵਿੱਚ ਇਹ ਗ੍ਰਹਿਣ ‘ਗ੍ਰਸਤੋਧਿਤ’ ਰੂਪ ਵਿੱਚ ਵੇਖਣ ਨੂੰ ਮਿਲੇਗਾ, ਜਿਸਦਾ ਅਰਥ ਹੈ ਕਿ ਚੰਦਰਮਾ ਚੜ੍ਹਨ ਤੋਂ ਪਹਿਲਾਂ ਹੀ ਉਹ ਗ੍ਰਹਿਣ ਦੇ ਪ੍ਰਭਾਵ ਵਿੱਚ ਹੋਵੇਗਾ। ਵਿਗਿਆਨਕ ਤੌਰ ‘ਤੇ, ਜਦੋਂ ਧਰਤੀ, ਸੂਰਜ ਅਤੇ ਚੰਦਰਮਾ ਇਕ ਸੀਧ ਵਿੱਚ ਆ ਜਾਂਦੇ ਹਨ ਅਤੇ ਧਰਤੀ ਦਾ ਸਾਇਆ ਚੰਦਰਮਾ ‘ਤੇ ਪੈਂਦਾ ਹੈ, ਤਾਂ ਇਸ ਘਟਨਾ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਹਾਲਾਂਕਿ, ਸੂਤਕ ਕਾਲ ਦੇ ਨਿਯਮਾਂ ਵਿੱਚ ਕੁਝ ਵਰਗਾਂ ਨੂੰ ਛੂਟ ਦਿੱਤੀ ਗਈ ਹੈ। ਗਰਭਵਤੀ ਔਰਤਾਂ, ਬਜ਼ੁਰਗ, ਬੱਚੇ ਅਤੇ ਬਿਮਾਰ ਵਿਅਕਤੀਆਂ ‘ਤੇ ਇਹ ਨਿਯਮ ਲਾਗੂ ਨਹੀਂ ਹੁੰਦੇ। ਇਹ ਲੋਕ ਆਮ ਤਰ੍ਹਾਂ ਖਾਣ-ਪੀਣ ਅਤੇ ਦਵਾਈ ਲੈ ਸਕਦੇ ਹਨ। ਇਸ ਤੋਂ ਇਲਾਵਾ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੂਤਕ ਕਾਲ ਗ੍ਰਹਿਣ ਦੇ ਖਤਮ ਹੋਣ ਤੋਂ ਸਾਢੇ ਤਿੰਨ ਘੰਟੇ ਪਹਿਲਾਂ ਹੀ ਮੰਨਿਆ ਜਾਂਦਾ ਹੈ।
Posted By: Daily Suraj Bureau