Daily Suraj

ਪੰਜਾਬੀ

ਬਿਕਰਮ ਮਜੀਠੀਆ ਨੂੰ ਰੱਖੜੀ ਬੰਨਣ ਲਈ ਨਾਭਾ ਜੇਲ੍ਹ ਪੁੱਜੇ ਬੀਬਾ ਹਰਸਿਮਰਤ ਕੌਰ ਬਾਦਲ

10 Aug, 2025 12:48 AM

ਚੰਡੀਗੜ੍ਹ,


ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ‘ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ।ਇਹ ਦਿਨ ਭੈਣਾਂ-ਭਰਾਵਾਂ ਦੇ ਪਿਆਰ, ਰਿਸ਼ਤੇ, ਵਿਸ਼ਵਾਸ ਅਤੇ ਤਾਕਤ ਨੂੰ ਸਮਰਪਿਤ ਹੁੰਦਾ ਹੈ। ਇਸ ਖਾਸ ਮੌਕੇ ‘ਤੇ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਦੁਪਹਿਰ ਨਾਭਾ (Punjab) ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ’ਚ ਬੰਦ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਰੱਖੜੀ ਬੰਨਣ ਦੇ ਲਈ ਪਹੁੰਚੇ।


ਇਸ ਮੌਕੇ ਉਨ੍ਹਾਂ ਕਿਹਾ ਕਿ ਰੱਖੜੀ ਵਾਲੇ ਦਿਨ ਵੀ ਮੈਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ “ਕਈ ਦਿਨਾਂ ਤੋਂ ਰੱਖੜੀ ਬੰਨਣ ਦੀ ਆਗਿਆ ਮੰਗੀ ਜਾ ਰਹੀ ਹੈ ਪਰ ਪੰਜਾਬ (Punjab) ਸਰਕਾਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ।” ਇਸ ਤੋਂ ਪਹਿਲਾ ਹਰਸਿਮਰਤ ਕੌਰ ਬਾਦਲ ਵੱਲੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਜਿਸ ‘ਚ ਉਨ੍ਹਾਂ ਕਿਹਾ ਕਿ “ਭੈਣ ਅਤੇ ਭਰਾ ਦੇ ਆਪਸੀ ਮੋਹ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ । ਇਸ ਸ਼ੁਭ ਅਵਸਰ ‘ਤੇ ਦੁਨੀਆਂ ‘ਚ ਵਸਦੇ ਆਪਣੇ ਸਾਰੇ ਵੀਰਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ ਅਤੇ ਭੈਣ-ਭਰਾ ਦੇ ਮੋਹ ਭਰੇ ਰਿਸ਼ਤੇ ਹੋਰ ਮਜ਼ਬੂਤ ਹੋਣ ਅਤੇ ਪਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਅਤੇ ਖੁਸ਼ੀਆਂ ਬਖਸ਼ਣ । ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੇ ਛੋਟੇ ਵੀਰ ਬਿਕਰਮ ਨੂੰ ਬਲ ਬਖਸ਼ਣ।”


ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਭਾ ਜੇਲ੍ਹ ‘ਚ ਬੰਦ ਹਨ। ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਮੁਹਾਲੀ ਕੋਰਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਹੋਇਆ ਹੈ।

Latest News