ਵਿਧਾਨ ਸਭਾ ਚੋਣਾਂ ਦੀ ਤਿਆਰੀ: ਭਾਜਪਾ ਪੰਜਾਬ 'ਚ ਸ਼ੁਰੂ ਕਰੇਗੀ 13 ਦਿਨਾਂ 'ਨਸ਼ਾ ਮੁਕਤ ਪੰਜਾਬ ਯਾਤਰਾ'
ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ 18 ਸਤੰਬਰ ਤੋਂ ਪੰਜਾਬ ਅੰਦਰ 13 ਦਿਨਾਂ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੀਆਂ ਚਾਰ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਥਾਵਾਂ ਤੋਂ ਇੱਕੋ ਸਮੇਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਵਿੱਚ ਸਭ ਤੋਂ ਅੱਗੇ ਚਾਰ ਵੱਡੇ ਵਿਸ਼ੇਸ਼ ਰਥ ਚੱਲਣਗੇ। ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਪਠਾਨਕੋਟ ਦੇ ਏਕਤਾ ਸਥਲ ਤੋਂ ਮੁੱਖ ਰਥ ਨੂੰ ਹਰੀ ਝੰਡੀ ਦਿਖਾ ਕੇ ਯਾਤਰਾ ਦੀ ਰਸਮੀ ਸ਼ੁਰੂਆਤ ਕਰਨਗੇ। ਇਸ ਯਾਤਰਾ ਦਾ ਸਮਾਪਨ ਜਲੰਧਰ ਵਿਖੇ ਹੋਵੇਗਾ, ਜਿੱਥੇ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮਾਪਤੀ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਇਸ ਯਾਤਰਾ ਰਾਹੀਂ ਭਾਜਪਾ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਰਣਨੀਤੀ ਬਣਾ ਰਹੀ ਹੈ। ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਸੂਬਾ ਇਕਾਈ ਨੂੰ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ 'ਤੇ ਚੋਣ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੇ ਸਵਾਲ 'ਤੇ ਸੰਭਾਵੀ ਗੱਲਬਾਤ ਵੀ ਇਸ ਯਾਤਰਾ ਤੋਂ ਬਾਅਦ ਹੀ ਸ਼ੁਰੂ ਹੋਣ ਦੀ ਉਮੀਦ ਹੈ। ਪਾਰਟੀ ਵੱਲੋਂ ਇਸ ਵਿਸ਼ੇਸ਼ ਮੁਹਿੰਮ ਲਈ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਦਾ ਨਾਅਰਾ ਦਿੱਤਾ ਗਿਆ ਹੈ। ਸ਼ਡਿਊਲ ਅਨੁਸਾਰ 18 ਸਤੰਬਰ ਨੂੰ ਪਠਾਨਕੋਟ ਤੋਂ ਬਾਅਦ 19 ਸਤੰਬਰ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ, 20 ਸਤੰਬਰ ਨੂੰ ਸਾਦਕੀ ਬਾਰਡਰ (ਫ਼ਾਜ਼ਿਲਕਾ) ਅਤੇ 21 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵੱਖ-ਵੱਖ ਯਾਤਰਾਵਾਂ ਰਵਾਨਾ ਹੋਣਗੀਆਂ। ਇਹ ਚਾਰੇ ਯਾਤਰਾਵਾਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੀਆਂ ਹੋਈਆਂ 30 ਸਤੰਬਰ ਨੂੰ ਜਲੰਧਰ ਵਿਖੇ ਇੱਕਜੁੱਟ ਹੋ ਕੇ ਸਮਾਪਤ ਹੋਣਗੀਆਂ। ਇਸ ਦੌਰਾਨ ਭਾਜਪਾ ਨੇ 3 ਕਰੋੜ ਤੋਂ ਵੱਧ ਪੰਜਾਬੀਆਂ ਤੱਕ ਪਹੁੰਚ ਬਣਾਉਣ ਦਾ ਦਾਅਵਾ ਕੀਤਾ ਹੈ। ਯਾਤਰਾ ਦੌਰਾਨ ਪਾਰਟੀ ਆਗੂਆਂ ਦਾ ਇੱਕ ਵਫ਼ਦ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵੀ ਸ਼ਰਧਾਂਜਲੀ ਭੇਟ ਕਰੇਗਾ। ਇਸ ਰਥ ਯਾਤਰਾ ਵਿੱਚ ਕੇਂਦਰੀ ਮੰਤਰੀਆਂ, ਪ੍ਰਮੁੱਖ ਰਾਜਨੀਤਿਕ ਹਸਤੀਆਂ ਅਤੇ ਫ਼ਿਲਮੀ ਸਿਤਾਰਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਨਾਲ ਹੀ, ਨਸ਼ਾ ਪੀੜਤ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ। ਰਥਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀਆਂ ਤਸਵੀਰਾਂ ਅਤੇ ਨਸ਼ਾ ਵਿਰੋਧੀ ਨਾਅਰੇ ਉਕਰੇ ਹੋਣਗੇ। ਯਾਤਰਾ ਦੌਰਾਨ ਭਾਜਪਾ ਵੱਲੋਂ ਸੰਕਲਪ ਪੱਤਰ ਵੰਡੇ ਜਾਣਗੇ, ਸਰਕਾਰ ਵਿਰੋਧੀ ਪੋਸਟਰ ਲਗਾਏ ਜਾਣਗੇ ਅਤੇ ਆਗੂ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕਰਨਗੇ। ਇਸ ਪੂਰੀ ਪ੍ਰਕਿਰਿਆ ਨੂੰ ਚਲਾਉਣ ਲਈ 30 ਵਿਸ਼ੇਸ਼ ਵਿਭਾਗ ਗਠਿਤ ਕੀਤੇ ਗਏ ਹਨ। ਪਾਰਟੀ ਇਸ ਰਾਹੀਂ ਸੂਬੇ ਵਿੱਚ ਇੱਕ ਵੱਡਾ ਜਨ ਅੰਦੋਲਨ ਖੜ੍ਹਾ ਕਰਨਾ ਚਾਹੁੰਦੀ ਹੈ। ਯਾਤਰਾ ਦੀ ਪੂਰੀ ਰੂਪ-ਰੇਖਾ 13 ਸਤੰਬਰ ਨੂੰ ਜਨਤਕ ਕੀਤੀ ਜਾਵੇਗੀ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਯਾਤਰਾ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਇੱਕਜੁੱਟ ਕਰਨ ਦਾ ਕੰਮ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸੂਬਾ ਸਰਕਾਰ ਨਸ਼ਿਆਂ ਦੀ ਰੋਕਥਾਮ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਕਾਰਨ ਭਾਜਪਾ ਹੁਣ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਅਤੇ ਪਿੰਡਾਂ ਨੂੰ ਨਾਲ ਲੈ ਕੇ ਇਸ ਸਮੱਸਿਆ ਵਿਰੁੱਧ ਜਨ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ।
Posted By: Daily Suraj Bureau