Daily Suraj

ਪੰਜਾਬੀ

ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਲਈ ਵਰਕਸ਼ਾਪ ਕਰਵਾਈ

25 Jun, 2025 12:30 AM

ਚੰਡੀਗੜ੍ਹ : ਆਧਾਰ ਨਿਯਮਾਂ ਦੀ ਬਿਹਤਰ ਸਮਝ ਅਤੇ ਪੁਲਿਸ ਸੇਵਾਵਾਂ ਨਾਲ ਇਸ ਦੇ ਕਾਨੂੰਨੀ ਏਕੀਕਰਨ ਲਈ, ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਨੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਦੇ ਸਹਿਯੋਗ ਨਾਲ ਪੁਲਿਸ ਅਧਿਕਾਰੀਆਂ ਨੂੰ ਪ੍ਰਸ਼ਾਸਨ ਅਤੇ ਕਾਨੂੰਨ ਲਾਗੂਕਰਨ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਜਾਣੂ ਕਰਵਾਉਣ ਲਈ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ।
ਇਸ ਸੈਸ਼ਨ ਦਾ ਸੰਚਾਲਨ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਅਤੇ ਸ੍ਰੀ ਰਾਮ ਸਿੰਘ ਏਡੀਜੀਪੀ ਟੀਐਸਐਸ ਦੀ ਮੌਜੂਦਗੀ ਵਿੱਚ ਡੀਡੀਜੀ ਚੰਡੀਗੜ੍ਹ ਕਮਾਂਡਰ ਧੀਰਜ ਸਰੀਂ ਦੀ ਅਗਵਾਈ ਹੇਠ ਯੂਆਈਡੀਏਆਈ ਖੇਤਰੀ ਦਫ਼ਤਰ ਦੀ ਟੀਮ ਵੱਲੋਂ ਕੀਤਾ ਗਿਆ ਜਿਸ ਵਿੱਚ ਪ੍ਰਸ਼ਾਸਨ ਅਤੇ ਕਾਨੂੰਨ ਲਾਗੂਕਰਨ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਸੈਸ਼ਨ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ 100 ਪੁਲਿਸ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਯੂਆਈਡੀਏਆਈ ਟੀਮ ਨੇ ਆਧਾਰ ਤਸਦੀਕ ਸਬੰਧੀ ਸਾਧਨਾਂ, ਜਿਹਨਾਂ ਵਿੱਚ ਐਮ-ਆਧਾਰ ਐਪ ਵੀ ਸ਼ਾਮਲ ਹੈ, ਬਾਰੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ਅਤੇ ਪੁਲਿਸ ਜਾਂਚ ਦੌਰਾਨ ਦੁਰਵਰਤੋਂ ਨੂੰ ਰੋਕਣ ਲਈ ਕਾਨੂੰਨੀ ਸੀਮਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਬੋਲਦਿਆਂ, ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਸੈਸ਼ਨ ਕਾਨੂੰਨੀ ਅਤੇ ਗੋਪਨੀਯਤਾ ਸਬੰਧੀ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਿਆਂ ਯੂਆਈਡੀਏਆਈ ਅਤੇ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਕਾਰੀ ਹੁਣ ਡੇਟਾ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਆਧਾਰ ਨਾਲ ਸਬੰਧਤ ਤਸਦੀਕ ਪ੍ਰਕਿਰਿਆਵਾਂ ਨਾਲ ਬਿਹਤਰ ਢੰਗ ਨਾਲ ਨਜਿੱਠ ਸਕਦੇ ਹਨ।
ਇਸ ਦੌਰਾਨ, ਯੂਆਈਡੀਏਆਈ ਟੀਮ ਨੇ ਪੁਲਿਸ ਅਧਿਕਾਰੀਆਂ ਵੱਲੋਂ ਐਮ-ਆਧਾਰ ਐਪ ਦੀ ਵਰਤੋਂ ਰਾਹੀਂ ਆਧਾਰ ਸਬੰਧੀ ਪ੍ਰਮਾਣਾਂ ਦੀ ਪੁਸ਼ਟੀ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਆਧਾਰ ਨਾਲ ਸਬੰਧਤ ਕਾਨੂੰਨੀ ਮੁੱਦਿਆਂ ਅਤੇ ਗੋਪਨੀਯਤਾ ਚਿੰਤਾਵਾਂ ਬਾਰੇ ਚਰਚਾ ਕੀਤੀ।

#PunjabPolice #UIDAI #AadhaarSecurity #DigitalGovernance #SecurePolicing #CyberAwareness #DataProtection #PoliceTraining #ResponsibleAadhaarUse #PrivacyInPolicing

Posted By: Daily Suraj Bureau

Latest News