ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਪਹਿਲਾ ਪੜਾਅ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ ਧਰਨਾ: ਅਭਿਜੀਤ ਦਿਪਕੇ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ‘ਕਾਲਜ ਐਂਡ ਸਕੂਲ ਪ੍ਰੋਟੈਸਟ ਜਨਤਾ ਪਾਰਟੀ’ (CJP) ਦੇ ਸੰਸਥਾਪਕ ਪ੍ਰਧਾਨ ਅਭਿਜੀਤ ਦਿਪਕੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਸਾਫ਼ ਕੀਤਾ ਹੈ ਕਿ ਸਿੱਖਿਆ ਮੰਤਰੀ ਦਾ ਅਸਤੀਫ਼ਾ ਸਿਰਫ਼ ਇੱਕ ਸ਼ੁਰੂਆਤ ਹੈ ਅਤੇ ਬਾਕੀ ਮੰਗਾਂ ਪੂਰੀਆਂ ਹੋਣ ਤੱਕ ਜੰਤਰ-ਮੰਤਰ ’ਤੇ ਚੱਲ ਰਿਹਾ ਵਿਦਿਆਰਥੀਆਂ ਦਾ ਅੰਦੋਲਨ ਸਮਾਪਤ ਨਹੀਂ ਹੋਵੇਗਾ। ਅਭਿਜੀਤ ਦਿਪਕੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਡਰਨ ਦੀ ਕੋਈ ਲੋੜ ਨਹੀਂ ਹੈ, ਇਹ ਲੋਕਤੰਤਰ ਹੈ। ਧਰਮੇਂਦਰ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ, ਪਰ ਸਾਡੀਆਂ ਦੋ ਹੋਰ ਪ੍ਰਮੁੱਖ ਮੰਗਾਂ ਅਜੇ ਬਾਕੀ ਹਨ ਅਤੇ ਅਸੀਂ ਇੰਝ ਵਾਪਸ ਨਹੀਂ ਜਾਵਾਂਗੇ।” CJP ਮੁਖੀ ਨੇ ਆਪਣੀਆਂ ਬਾਕੀ ਦੋ ਮੰਗਾਂ ਨੂੰ ਰੱਖਦਿਆਂ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਦੀਆਂ ਖ਼ਾਮੀਆਂ ਅਤੇ ਮਾਨਸਿਕ ਤਣਾਅ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪੀੜਤ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੂਜੀ ਮੰਗ ਰੱਖਦਿਆਂ ਕਿਹਾ ਕਿ ਲੰਘੀ 20 ਜੁਲਾਈ ਨੂੰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਸਰਕਾਰ ਨੂੰ ਚਿਤਾਵਨੀ ਦਿੰਦਿਆਂ ਦਿਪਕੇ ਨੇ ਕਿਹਾ ਕਿ ਵਿਦਿਆਰਥੀਆਂ ਦੀ ਤਾਕਤ ਨੂੰ ਘੱਟ ਕੇ ਨਾ ਹੱਕਿਆ ਜਾਵੇ ਅਤੇ ਜਦੋਂ ਤੱਕ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਪੂਰੇ ਜੋਸ਼ ਨਾਲ ਜਾਰੀ ਰਹੇਗਾ।
Posted By: Daily Suraj Bureau