Daily Suraj

ਪੰਜਾਬੀ

ਟਰੰਪ ਨੇ ਭਾਰਤ-ਪਾਕਿ ਜੰਗ ਰੋਕਣ ਦਾ ਰਾਗ ਮੁੜ ਅਲਾਪਿਆ

07 Nov, 2025 01:13 AM

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਇਸ ਦਾਅਵੇ ਨੂੰ ਮੁੜ ਦੁਹਰਾਇਆ ਹੈ ਕਿ ਭਾਰਤ ਤੇ ਪਾਕਿਸਤਾਨ ਵਿਚ ਮਈ ਵਿਚ ‘ਅਮਨ ਸ਼ਾਂਤੀ’ ਉਦੋਂ ਸਥਾਪਤ ਹੋਈ ਜਦੋਂ ਉਨ੍ਹਾਂ ਦੋਵਾਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਮੁਲਕਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਆਪਣੇ ਫੌਜੀ ਟਕਰਾਅ ਨੂੰ ਜਾਰੀ ਰੱਖਦੇ ਹਨ ਤਾਂ ਉਹ (ਟਰੰਪ) ਉਨ੍ਹਾਂ ਨਾਲ ਵਪਾਰ ਸਮਝੌਤਾ ਰੱਦ ਕਰ ਦੇਣਗੇ। ਟਰੰਪ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਅ ਰੁਕਣ ਮਗਰੋਂ ਕਈ ਵਾਰ ਆਪਣਾ ਇਹ ਦਾਅਵਾ ਦੁਹਰਾਇਆ ਹੈ।


ਟਰੰਪ ਨੇ ਬੁੱਧਵਾਰ ਨੂੰ ਮਿਆਮੀ ਵਿਚ ‘ਅਮਰੀਕਾ ਬਿਜ਼ਨਸ ਫੋਰਮ’ ਵਿਚ ਆਪਣੇ ਸੰਬੋਧਨ ਵਿਚ ਕਿਹਾ, ‘‘ਅੱਠ ਮਹੀਨਿਆਂ ਵਿਚ ਮੈਂ ਕੋਸੋਵੋ ਤੇ ਸਰਬੀਆ ਅਤੇ ਕਾਂਗੋ ਤੇ ਰਵਾਂਡਾ ਸਣੇ ਅੱਠ ਜੰਗਾਂ ਨੂੰ ਰੋਕਿਆ ਹੈ, ਜੋ ਲੰਮੇ ਸਮੇਂ ਤੋਂ ਜਾਰੀ ਸਨ...ਪਾਕਿਸਤਾਨ ਤੇ ਭਾਰਤ ਵਿਚਾਲੇ ਵੀ।’’ ਉਨ੍ਹਾਂ ਕਿਹਾ, ‘‘ਤੁਸੀਂ ਜਾਣਦੇ ਹੋ, ਮੈਂ ਉਨ੍ਹਾਂ ਦੋਵਾਂ (ਭਾਰਤ ਅਤੇ ਪਾਕਿਸਤਾਨ) ਨਾਲ ਇੱਕ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਿਹਾ ਸੀ ਅਤੇ ਫਿਰ ਮੈਂ ਇੱਕ ਅਖਬਾਰ ਦੇ ਪਹਿਲੇ ਪੰਨੇ 'ਤੇ ਪੜ੍ਹਿਆ... ਮੈਂ ਸੁਣਿਆ ਕਿ ਉਹ ਯੁੱਧ ਕਰਨ ਜਾ ਰਹੇ ਹਨ। ਸੱਤ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ ਅਤੇ ਅੱਠਵਾਂ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ... ਕੁੱਲ ਅੱਠ ਜਹਾਜ਼।’’


ਅਮਰੀਕੀ ਸਦਰ ਨੇ ਕਿਹਾ, ‘‘ ਮੈਂ ਕਿਹਾ, ਇਹ ਯੁੱਧ ਹੈ ਅਤੇ ਉਹ ਇਸ ਵਿੱਚ ਅੱਗੇ ਵਧ ਰਹੇ ਹਨ। ਉਹ ਦੋ ਪ੍ਰਮਾਣੂ ਹਥਿਆਰਬੰਦ ਦੇਸ਼ ਹਨ। ਮੈਂ ਕਿਹਾ, ਮੈਂ ਤੁਹਾਡੇ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਕਰਾਂਗਾ ਜਦੋਂ ਤੱਕ ਤੁਸੀਂ ਸ਼ਾਂਤੀ ਲਈ ਸਹਿਮਤ ਨਹੀਂ ਹੋ ਜਾਂਦੇ।’’ ਟਰੰਪ ਨੇ ਤਾੜੀਆਂ ਦੀ ਗੂੰਜ ਵਿਚ ਕਿਹਾ, ‘‘ਇੱਕ ਦਿਨ ਬਾਅਦ ਮੈਨੂੰ ਇੱਕ ਫੋਨ ਆਇਆ ਜਿਸ ਵਿੱਚ ਕਿਹਾ ਗਿਆ ਸੀ, 'ਅਸੀਂ ਸ਼ਾਂਤੀ ਬਣਾ ਲਈ ਹੈ।' ਉਹ ਰੁਕ ਗਏ। ਮੈਂ ਕਿਹਾ, 'ਧੰਨਵਾਦ। ਆਓ ਵਪਾਰ ਕਰੀਏ।' ਕੀ ਇਹ ਬਹੁਤ ਵਧੀਆ ਨਹੀਂ ਹੈ? ਟੈਰਿਫਾਂ ਨਾਲ ਇਹ ਸੰਭਵ ਬਣਾਇਆ... ਟੈਰਿਫਾਂ ਤੋਂ ਬਿਨਾਂ, ਇਹ ਕਦੇ ਵੀ ਸੰਭਵ ਨਾ ਹੁੰਦਾ।’’

Posted By: Daily Suraj Bureau

Latest News