ਨਗਰ ਨਿਗਮ ਕਪੂਰਥਲਾ ਵੱਲੋਂ ਰੈਵੀਨਿਊ ਟਾਰਗੇਟ ਪੂਰਾ ਨਾ ਹੋਣ ਤੇ ਸ਼ਹਿਰ ਨੂੰ ਗਵਾਉਣੀ ਪਈ ਕਰੋੜਾਂ ਰੁਪਏ ਦੀ ਗਰਾਂਟ-ਸ਼ਾਮ ਸੁੰਦਰ ਅਗਰਵਾਲ
-ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੇ ਖੁਲਾਸੇ
-ਕਿਹਾ ਇਸ ਅਣਗਹਿਲੀ ਲਈ ਨਗਰ ਨਿਗਮ ਕਮਿਸ਼ਨਰ, ਮੇਅਰ ਅਤੇ ਸਥਾਨਕ ਵਿਧਾਇਕ ਹਨ ਜਿੰਮੇਵਾਰ
ਕਪੂਰਥਲਾ, (ਇੰਦਰਜੀਤ) ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਸਾਲ 2024-25 ਦੌਰਾਨ ਨਗਰ ਨਿਗਮ ਕਪੂਰਥਲਾ ਵੱਲੋਂ ਰੈਵਨਿਊ ਇਕੱਠਾ ਕਰਨ ਦੇ ਟਾਰਗੇਟ ਵਿੱਚ ਅਸਫਲ ਰਹਿਣ ਕਾਰਨ ਕਪੂਰਥਲਾ ਸ਼ਹਿਰ ਨੂੰ ਮਿਲਣ ਵਾਲੇ 3 ਕਰੋੜ ਰੁਪਏ ਦੇ ਫੰਡ ਨਹੀਂ ਮਿਲੇ ਹਨ। ਉਹਨਾਂ ਇਸ ਵਾਸਤੇ ਸਿੱਧੇ ਤੌਰ ਤੇ ਨਗਰ ਨਿਗਮ ਕਮਿਸ਼ਨਰ, ਨਗਰ ਨਿਗਮ ਤੇ ਮੇਅਰ ਅਤੇ ਸਥਾਨਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਜਿੰਮੇਵਾਰ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੇ ਨੁਮਾਇੰਦੇ ਵੀ ਇਸ ਵਿੱਚ ਬਣਦੀ ਜੁੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿੱਚੋਂ ਕਾਂਗਰਸ ਦੇ 48 ਕੌਂਸਲਰ ਹਨ ਅਤੇ ਸਾਲ 2024-25 ਦੌਰਾਨ ਨਗਰ ਨਿਗਮ ਕਪੂਰਥਲਾ ਵੱਲੋਂ ਸਾਲ 2023-24 ਦੇ ਮੁਕਾਬਲੇ 10 ਫੀਸਦੀ ਵੱਧ ਰੈਵਨਿਊ ਇਕੱਠਾ ਕਰਨ ਦਾ ਟੀਚਾ ਸੀ ਜਿਸ ਵਿੱਚ ਅਸਫਲ ਰਹਿਣ ਕਾਰਨ ਸ਼ਹਿਰ ਨੂੰ ਮਿਲਣ ਵਾਲੇ ਕਰੋੜਾਂ ਰੁਪਏ ਦੀ ਗ੍ਰਾਂਟ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਆਰੋਪ ਲਗਾਇਆ ਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਜਦੋਂ ਉਹ ਕਰੀਬ 25 ਸਾਲ ਪਹਿਲਾਂ ਕਪੂਰਥਲਾ ਵਿੱਚ ਆਏ ਸਨ ਤਾਂ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇੱਥੇ ਸ਼ੂਗਰ ਮਿੱਲ ਲਗਾਉਣਗੇ, ਪਰ ਇੱਥੇ ਕੋਈ ਕੰਮ ਨਹੀਂ ਹੋਇਆ ਅਤੇ ਲੋਕਾਂ ਨੂੰ ਸਿਰਫ ਲਾਰੇ ਹੀ ਲਗਾਏ ਗਏ ਹਨ।
Posted By: Daily Suraj Bureau