ਆਸਟ੍ਰੇਲੀਆ ‘ਚ ਕਹਿਰ ਬਣਿਆ ਮੌਸਮ, ਸਮੁੰਦਰ ‘ਚ ਵਹਿ ਗਈਆਂ ਕਾਰਾਂ
ਵਿਕਟੋਰੀਆ,ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਤੇਜ਼ ਤੂਫਾਨ ਅਤੇ ਭਾਰੀ ਮੀਂਹ ਨੇ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਕਰ ਦਿੱਤਾ। ਭਾਰੀ ਮੀਂਹ ਕਾਰਨ ਨਦੀਆਂ – ਨਾਲੇ ਭਰ ਗਏ ਅਤੇ ਕਈ ਇਲਾਕਿਆਂ ਵਿੱਚ ਹਾਲਾਤ ਬੇਕਾਬੂ ਹੋ ਗਏ। ਅਚਾਨਕ ਆਏ ਹੜ੍ਹ ਕਈ ਕਾਰਾਂ ਨੂੰ ਸਮੁੰਦਰ ਵਿੱਚ ਵਹਾ ਕੇ ਲੈ ਗਏ। ਗ੍ਰੇਟ ਓਸ਼ੀਅਨ ਰੋਡ ਦੇ ਨਾਲ-ਨਾਲ, ਵਾਈ ਨਦੀ, ਕੇਨੇਟ ਨਦੀ ਅਤੇ ਕੰਬਰਲੈਂਡ ਨਦੀ ਦੇ ਨੇੜੇ ਰਹਿਣ ਵਾਲੇ ਨਿਵਾਸੀਆਂ ਲਈ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ। ਸਥਿਤੀ ਇੰਨੀ ਭਿਆਨਕ ਸੀ ਕਿ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦੀ ਸਲਾਹ ਦਿੱਤੀ ਗਈ।ਕੁਝ ਹੀ ਘੰਟਿਆਂ ਵਿੱਚ ਰਿਕਾਰਡ 170 ਮਿਲੀਮੀਟਰ ਤੋਂ ਵੱਧ ਮੀਂਹ ਪਿਆ, ਜਿਸ ਨਾਲ ਸੜਕਾਂ ਅਤੇ ਪੁਲਾਂ ਵਿੱਚ ਪਾਣੀ ਭਰ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਚ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵਾਈ ਨਦੀ ਵਿੱਚ ਤਿੰਨ ਕਾਰਾਂ ਸਮੁੰਦਰ ਵਿੱਚ ਵਹਿ ਜਾਂਦੀਆਂ ਹਨ, ਜਦੋਂ ਕਿ ਕਈ ਹੋਰ ਪੁਲ ਨਾਲ ਟਕਰਾ ਗਈਆਂ ਹਨ ਜਾਂ ਹੜ੍ਹ ਦੇ ਪਾਣੀ ਵਿੱਚ ਡੁੱਬ ਗਈਆਂ ਹਨ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਕੁਝ ਤੱਟਵਰਤੀ ਖੇਤਰਾਂ ਵਿੱਚ ਪਾਣੀ ਦੇ ਤੇਜ਼ ਵਹਾਅ ਸਭ ਤੋਂ ਖਤਰਨਾਕ ਸਾਬਤ ਹੋਏ। ਕਈ ਸੜਕਾਂ ‘ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਦੋਂ ਕਿ ਪਾਣੀ ਨੀਵੇਂ ਇਲਾਕਿਆਂ ਵਿੱਚ ਘਰਾਂ ਅਤੇ ਦੁਕਾਨਾਂ ਵਿੱਚ ਦਾਖਲ ਹੋ ਗਿਆ। ਰਾਹਤ ਅਤੇ ਬਚਾਅ ਟੀਮਾਂ ਨੂੰ ਤੁਰੰਤ ਮੌਕੇ ‘ਤੇ ਤਾਇਨਾਤ ਕੀਤਾ ਗਿਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਨਾਗਰਿਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬੇਲੋੜੀ ਆਵਾਜਾਈ ਤੋਂ ਬਚਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
Posted By: Daily Suraj Bureau