ਗੈਸ ਪਾਈਪ ਲਾਈਨ ਮਾਮਲਾ : ਕਿਸਾਨਾਂ ਤੇ ਪੁਲਿਸ ’ਚ ਝੜਪਾਂ ਦੌਰਾਨ ਤਿੰਨ ਐਸਐਚਓ ਜਖਮੀ
ਬਠਿੰਡਾ / ਮਾਨਸਾ : ਮਾਨਸਾ ਜਿਲ੍ਹੇ ਵਿੱਚ ਜਿਲ੍ਹਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ’ਚ ਸਥਿਤ ਪਿੰਡ ਲੇਲੇਵਾਲਾ ’ਚ ਪਾਈ ਜਾਣ ਵਾਲੀ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਅਤੇ ਪੁਲਿਸ ਤਿੱਖੀਆਂ ਝੜਪਾਂ ਹੋਈਆਂ ਜਿਸ ਦੌਰਾਨ ਤਿੰਨ ਮੁੱਖ ਥਾਣਾ ਅਫਸਰਾਂ ਅਤੇ ਕਈ ਕਿਸਾਨਾਂ ਦੇ ਜਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਟਕਰਾਅ ਦੌਰਾਨ ਕਈਆਂ ਵਾਹਨਾਂ ਦੀ ਵੀ ਭੰਨ ਤੋੜ ਕੀਤੀ ਗਈ ਹੈ ਜਿੰਨ੍ਹਾਂ ’ਚ ਪੁਲਿਸ ਦੀਆਂ ਗੱਡੀਆਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪ੍ਰਸ਼ਾਸ਼ਨ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਇਸ ਪ੍ਰਜੈਕਟ ਤੇ ਚੱਲ ਰਹੇ ਕੰਮ ਨੂੰ ਰੁਕਵਾਉਣ ਅਤੇ ਹਾਸਲ ਕੀਤੀ ਜਮੀਨ ਦਾ ਪੂਰਾ ਮੁਆਵਜਾ ਲੈਣ ਦੇ ਮੰਤਵ ਨਾਲ ਆਪਣੀ ਜੱਥੇਬੰਦੀ ਦੀਆਂ ਸਮੂਹ ਇਕਾਈਆਂ ਨੂੰ ਪਿੰਡ ਲੇਲੇਵਾਲਾ ’ਚ ਪੁੱਜਣ ਦਾ ਸੱਦਾ ਦਿੱਤਾ ਸੀ।ਇਸ ਨੂੰ ਦੇਖਦਿਆਂ ਮਾਨਸਾ ਜਿਲ੍ਹੇ ’ਚ ਕਿਸਾਨਾਂ ਨੂੰ ਰੋਕਣ ਲਈ ਨਾਕਾਬੰਦੀ ਕਰਕੇ ਪੁਲਿਸ ਤਾਇਨਾਤ ਕੀਤੀ ਹੋਈ ਸੀ। ਸਵੇਰ ਵਕਤ ਤਕਰੀਬਨ ਤਿੰਨ ਵਜੇ ਜਦੋਂ ਸੰਗਰੂਰ ਜਿਲ੍ਹੇ ਦੇ ਕਿਸਾਨ ਆਪਣੀ ਗੱਡੀਆਂ ’ਚ ਲੇਲੇਵਾਲਾ ਵੱਲ ਜਾਣ ਲਈ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲਿਸ ਅਤੇ ਕਿਸਾਨਾਂ ਵਿੱਚ ਹੋਈ ਤਕਰਾਰ ਐਨੀ ਵਧ ਗਈ ਕਿ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ । ਪੁਲਿਸ ਵੱਲੋਂ ਲਾਠੀਚਾਰਜ ਕਰਨ ਤੋਂ ਭੜਕੇ ਕਿਸਾਨਾਂ ਨੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਪੁਲਿਸ ਮੁਲਾਜਮਾਂ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਇਹ ਟਕਰਾਅ ਐਨਾ ਵਧ ਗਿਆ ਜਿਸ ਦੌਰਾਨ ਥਾਣਾ ਭੀਖੀ, ਥਾਣਾ ਸਿਟੀ 2, ਥਾਣਾ ਬੁਢਲਾਡਾ ਅਤੇ ਥਾਣਾ ਸਦਰ ਮਾਨਸਾ ਨੂੰ ਗੰਭੀਰ ਚੋਟਾਂ ਆਈਆਂ ਹਨ। ਇੱਕ ਥਾਣਾ ਇੰਚਾਰਜ ਦੇ ਤਾਂ ਸੱਟਾਂ ਵੱਜਣ ਕਾਰਨ ਦੋਵੇਂ ਬਾਂਹਾਂ ਟੁੱਟ ਗਈਆਂ ਹਨ। ਪੁਲਿਸ ਪ੍ਰਸ਼ਾਸ਼ਨ ਨੇ ਥਾਣਾ ਇੰਚਾਰਜਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਹਸਪਤਾਲ ’ਚ ਜਾਕੇ ਜਖਮੀਆਂ ਦਾ ਹਾਲ ਚਾਲ ਜਾਣਿਆ ਹੈ।
Posted By: Daily Suraj Bureau