Daily Suraj

ਪੰਜਾਬੀ

ਪੈਟਰੋਲ ਦੀ ਕਮੀ ਦੀਆਂ ਖਬਰਾਂ ਝੂਠੀਆਂ, ਫਿਰ ਵੀ ਅੰਮ੍ਰਿਤਸਰ ਵਿੱਚ ਵੱਡਾ ਰਸ਼

27 Mar, 2026 09:08 AM

ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ ਪੈਟਰੋਲ ਪੰਪਾਂ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਸ਼ਹਿਰ ਦੇ ਕਈ ਪੈਟਰੋਲ ਪੰਪਾਂ ’ਤੇ ਵਾਹਨ ਚਾਲਕ ਪੈਟਰੋਲ ਅਤੇ ਡੀਜ਼ਲ ਪਵਾਉਣ ਲਈ ਲੰਬੀਆਂ ਲਾਈਨਾਂ ਵਿੱਚ ਖੜੇ ਨਜ਼ਰ ਆਏ, ਜਿਸ ਨਾਲ ਕਈ ਥਾਵਾਂ ’ਤੇ ਭੀੜ ਅਤੇ ਅਵਵਸਥਾ ਦਾ ਮਾਹੌਲ ਬਣ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਵਾਰੀ ਆਉਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਕੁਝ ਵਾਹਨ ਚਾਲਕਾਂ ਮੁਤਾਬਕ, ਸੋਸ਼ਲ ਮੀਡੀਆ ’ਤੇ ਪੈਟਰੋਲ ਅਤੇ ਡੀਜ਼ਲ ਦੀ ਕਮੀ ਬਾਰੇ ਫੈਲ ਰਹੀਆਂ ਅਫਵਾਵਾਂ ਕਾਰਨ ਇਹ ਸਥਿਤੀ ਬਣੀ ਹੈ। ਅਫਵਾਵਾਂ ਦੇ ਪ੍ਰਭਾਵ ਹੇਠ ਲੋਕ ਘਬਰਾਹਟ ਵਿੱਚ ਵੱਡੀ ਗਿਣਤੀ ਵਿੱਚ ਪੈਟਰੋਲ ਪੰਪਾਂ ਵੱਲ ਦੌੜ ਪਏ, ਜਿਸ ਨਾਲ ਭੀੜ ਹੋਰ ਵੱਧ ਗਈ। ਹਾਲਾਂਕਿ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਆਸਾਨੀ ਨਾਲ ਉਪਲਬਧ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਵਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਬਿਨਾਂ ਲੋੜ ਦੇ ਭੀੜ ਇਕੱਠੀ ਨਾ ਕੀਤੀ ਜਾਵੇ। ਇਸ ਸਬੰਧੀ ਪੈਟਰੋਲ ਪੰਪ ਮਾਲਕਾਂ ਨੇ ਵੀ ਸਪਸ਼ਟ ਕੀਤਾ ਹੈ ਕਿ ਮੌਜੂਦਾ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੇ ਅਨੁਸਾਰ ਪੈਟਰੋਲ ਪੰਪਾਂ ’ਤੇ ਨਿਯਮਿਤ ਸਪਲਾਈ ਜਾਰੀ ਹੈ ਅਤੇ ਲੋਕਾਂ ਨੂੰ ਇੰਧਨ ਆਸਾਨੀ ਨਾਲ ਮਿਲ ਰਿਹਾ ਹੈ। ਪੰਪ ਮਾਲਕਾਂ ਨੇ ਚੇਤਾਵਨੀ ਦਿੱਤੀ ਕਿ ਜੇ ਲੋਕ ਅਫਵਾਵਾਂ ਦੇ ਕਾਰਨ ਇਸੇ ਤਰ੍ਹਾਂ ਘਬਰਾਹਟ ਵਿੱਚ ਇਕੱਠੇ ਹੋ ਕੇ ਪੈਟਰੋਲ ਪਵਾਉਣ ਆਉਂਦੇ ਰਹੇ ਤਾਂ ਭਵਿੱਖ ਵਿੱਚ ਕਮੀ ਵਰਗੀ ਸਥਿਤੀ ਬਣ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਗਲਤ ਜਾਣਕਾਰੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

Posted By: Daily Suraj Bureau

Latest News