Daily Suraj

ਪੰਜਾਬੀ

ਤੇਜ਼ ਹਵਾਵਾਂ ਮਗਰੋਂ ਵਰ੍ਹਿਆ ਮੀਂਹ, ਚੰਡੀਗੜ੍ਹ ਅਤੇ ਪੰਜਾਬ ਵਿੱਚ ਮੌਸਮ ਹੋਇਆ ਸੁਹਾਵਣਾ

20 Jul, 2026 07:22 AM

ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਸਵੇਰੇ ਮੌਸਮ ਨੇ ਅਚਾਨਕ ਕਰਵਟ ਬਦਲੀ। ਸਵੇਰ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਤੋਂ ਬਾਅਦ ਚੰਡੀਗੜ੍ਹ ਵਿੱਚ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ। ਮੀਂਹ ਦੇ ਨਾਲ ਵੱਗੀਆਂ ਠੰਢੀਆਂ ਹਵਾਵਾਂ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ 22 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਤਿੰਨ ਦਿਨਾਂ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਮੌਸਮ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਗੌਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿੱਚ ਹੁੰਮਸ ਭਰੀ ਗਰਮੀ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉੱਚ ਤਾਪਮਾਨ ਅਤੇ ਨਮੀ ਕਾਰਨ ਦਿਨ ਦੇ ਸਮੇਂ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਸੀ। ਲੰਘੇ ਦਿਨ ਤੜਕੇ ਮੀਂਹ ਪੈਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਕੋਈ ਖ਼ਾਸ ਰਾਹਤ ਨਹੀਂ ਮਿਲੀ ਸੀ ਅਤੇ ਸਾਰਾ ਦਿਨ ਹੁੰਮਸ ਦਾ ਅਸਰ ਜਾਰੀ ਰਿਹਾ। ਹਾਲਾਂਕਿ ਅੱਜ ਸਵੇਰੇ ਮੌਸਮ ਵਿੱਚ ਆਏ ਬਦਲਾਅ ਤੋਂ ਬਾਅਦ ਕਰੀਬ ਸਵੇਰੇ 9:45 ਵਜੇ ਮੀਂਹ ਸ਼ੁਰੂ ਹੋਇਆ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

Posted By: Daily Suraj Bureau

Latest News