ਲਖਨਊ ਵਿੱਚ ਦਰਦਨਾਕ ਘਟਨਾ: ਜਸ਼ਨ ਬਣਿਆ ਹਾਦਸਾ, ਨਾਬਾਲਗ ਦੀ ਜਾਨ ਗਈ
ਕ੍ਰਿਸ਼ਨਾ ਨਗਰ ਇਲਾਕੇ ਵਿੱਚ ਜਨਮਦਿਨ ਦੀ ਇੱਕ ਪਾਰਟੀ ਦੌਰਾਨ ਕਥਿਤ ਤੌਰ ’ਤੇ ਗੋਲੀ ਚੱਲਣ ਨਾਲ 13 ਸਾਲਾ ਲੜਕੇ ਦੀ ਮੌਤ ਹੋ ਗਈ। ਪੁਲੀਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸੋਮਵਾਰ ਸ਼ਾਮ ਕਰੀਬ 6:40 ਵਜੇ ਕ੍ਰਿਸ਼ਨਾ ਨਗਰ ਥਾਣਾ ਖੇਤਰ ਅਧੀਨ ਇੱਕ ਐੱਲ ਡੀ ਏ ਕਾਲੋਨੀ ਦੇ ਘਰ ਵਿੱਚ ਵਾਪਰੀ। ਮ੍ਰਿਤਕ ਦੀ ਪਹਿਚਾਣ ਉਨੈਸ ਖਾਨ ਵਜੋਂ ਹੋਈ ਹੈ, ਜੋ ਆਪਣੇ ਤਿੰਨ ਹੋਰ ਨਾਬਾਲਗ ਸਾਥੀਆਂ ਨਾਲ ਇੱਕ ਦੋਸਤ ਦੇ ਜਨਮਦਿਨ ਸਮਾਰੋਹ ਵਿੱਚ ਸ਼ਾਮਲ ਹੋਣ ਗਿਆ ਸੀ। ਪੁਲੀਸ ਮੁਤਾਬਕ, ਜਸ਼ਨ ਦੌਰਾਨ ਜਨਮਦਿਨ ਮਨਾ ਰਹੇ 13 ਸਾਲਾ ਨਵਨੀਤ ਤ੍ਰਿਪਾਠੀ ਨੇ ਕਥਿਤ ਤੌਰ ’ਤੇ ਬਾਹਰ ਖੜ੍ਹੀ ਕਾਰ ਵਿੱਚੋਂ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਕੱਢਿਆ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਉਨੈਸ ਦੀ ਖੱਬੀ ਅੱਖ ਦੇ ਉੱਪਰ ਲੱਗੀ। ਉਹ ਤੁਰੰਤ ਜ਼ਮੀਨ ’ਤੇ ਡਿੱਗ ਪਿਆ ਅਤੇ ਉਸ ਨੂੰ ਫੌਰੀ ਤੌਰ ’ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਇਸ ਘਟਨਾ ’ਤੇ ਸ਼ੱਕ ਜਤਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਇਹ ਗੋਲੀ ਅਚਾਨਕ ਨਹੀਂ ਚੱਲੀ, ਸਗੋਂ ਕਿਸੇ ਬਾਲਗ ਵੱਲੋਂ ਮਾਰੀ ਗਈ ਹੋ ਸਕਦੀ ਹੈ। ਲਖਨਊ ਦੱਖਣ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਨਿਪੁਨ ਅਗਰਵਾਲ ਨੇ ਦੱਸਿਆ ਕਿ ਪਾਰਟੀ ਵਿੱਚ ਮੌਜੂਦ ਤਿੰਨ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਨਾਲ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ 2 ਮਾਰਚ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਹਥਿਆਰ ਜ਼ਬਤ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਸਥਾਨਕ ਪੁਲੀਸ ਅਨੁਸਾਰ, ਤ੍ਰਿਪਾਠੀ ਹਥਿਆਰ ਨਾਲ ਵੀਡੀਓ ਬਣਾ ਰਿਹਾ ਸੀ, ਜਦੋਂ ਗੋਲੀ ਚੱਲ ਗਈ। ਉਨੈਸ ਸਟੈਲਾ ਮਾਰਿਸ ਸਕੂਲ ਦਾ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਆਪਣੇ ਸਕੂਲ ਦੀ ਫੁੱਟਬਾਲ ਟੀਮ ਦਾ ਕਪਤਾਨ ਵੀ ਸੀ। ਉਸ ਦੇ ਪਰਿਵਾਰ ਵਿੱਚ ਮਾਤਾ ਸਮਾ ਸਹਿਰੋਜ਼ ਅਤੇ ਇੱਕ ਵੱਡਾ ਭਰਾ ਸ਼ਾਮਲ ਹਨ। ਉਸ ਦੇ ਪਿਤਾ ਜ਼ਮੀਰ ਖਾਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰੋਜ਼ਾ ਰੱਖ ਰਿਹਾ ਸੀ ਅਤੇ ਪਾਰਟੀ ਵਿੱਚ ਜਾਣਾ ਨਹੀਂ ਚਾਹੁੰਦਾ ਸੀ, ਪਰ ਦੋਸਤਾਂ ਦੇ ਕਹਿਣ ’ਤੇ ਉਹ ਉੱਥੇ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਰਾਹੀਂ ਘਟਨਾ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਨੇ ਦੁਹਰਾਇਆ ਕਿ ਇਹ ਕੋਈ ਹਾਦਸਾ ਨਹੀਂ ਸੀ ਅਤੇ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਚਾਚਾ ਸਮੀਰ ਖਾਨ ਨੇ ਦੱਸਿਆ ਕਿ ਪਰਿਵਾਰ ਪਹਿਲਾਂ ਉਸ ਨੂੰ ਭੇਜਣ ਤੋਂ ਹਿਚਕਚਾ ਰਿਹਾ ਸੀ, ਪਰ ਦੋਸਤਾਂ ਦੇ ਭਰੋਸੇ ’ਤੇ ਉਹ ਪਾਰਟੀ ਵਿੱਚ ਸ਼ਾਮਲ ਹੋਇਆ।
Posted By: Daily Suraj Bureau