ਪ੍ਰਧਾਨ ਮੰਤਰੀ ਦਾ ਜਲੰਧਰ ਦੌਰਾ ਭਲਕੇ, ਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਮੁਲਾਂਕਣ ਕੀਤਾ
ਪ੍ਰਧਾਨ ਮੰਤਰੀ ਦੀ ਜਲੰਧਰ ਦੇ ਡੇਰਾ ਬੱਲਾਂ ਵਿੱਚ ਆਮਦ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀਜੀਪੀ ਪੰਜਾਬ ਗੌਰਵ ਯਾਦਵ ਯਾਦਵ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਆਮਦ ਨੂੰ ਮੁੱਖ ਰੱਖਦਿਆਂ ਡੇਰਾ ਬਲਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਸਖਤ ਕਰਕੇ ਇੱਥੇ ਹੋਣ ਵਾਲੀ ਹਰ ਪ੍ਰਕਿਰਿਆ ਤੇ ਕੈਮਰਿਆਂ ਅਤੇ ਤਨਾਇਤ ਮੁਲਾਜ਼ਮਾਂ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਐੱਸ ਪੀ ਜੀ ਦੇ ਜਵਾਨਾਂ ਨੇ ਡੇਰਾ ਬੱਲਾਂ ਵਿੱਚ ਪਹੁੰਚ ਕੇ ਮੋਰਚਾ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਮੌਕੇ ਆਦਮਪੁਰ ਏਅਰਪੋਰਟ ਤੋਂ ਲੈ ਕੇ ਡੇਰਾ ਬੱਲਾਂ ਅਤੇ ਆਸ ਪਾਸ ਦੇ ਇਲਾਕੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਬੀਜੇਪੀ ਦੀ ਕੋਰ ਕਮੇਟੀ ਨੇ ਮੀਟਿੰਗ ਕੀਤੀ ਹੈ। ਭਾਜਪਾ ਦੇ ਸੀਨੀਅਰ ਆਗੂ ਕੇ ਡੀ ਭੰਡਾਰੀ ਨੇ ਦੱਸਿਆ ਕੀ ਪ੍ਰਧਾਨ ਮੰਤਰੀ ਦੀ ਆਮਦ ਨਾਲ ਭਾਜਪਾ ਆਗੂਆਂ ਦੇ ਵਰਕਰਾਂ ਨੂੰ ਉਤਸ਼ਾਹ ਮਿਲੇਗਾ। ਪੁਲਿਸ ਨੇ ਸਖਤ ਪ੍ਰਬੰਧ ਕਰਦਿਆਂ ਕਈ ਰੂਟਾਂ ’ਤੇ ਟਰੈਫਿਕ ਲਈ ਬਦਲਵੇਂ ਪ੍ਰਬੰਧ ਕੀਤੇ ਹਨ। ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਡੇਰਾ ਬੱਲਾਂ ਵਿੱਚ ਆਮਦ ਨੂੰ ਸਿਆਸਤ ਨਾਲ ਨਾ ਜੋੜਦੇ ਹੋਏ ਧਾਰਮਿਕ ਪੱਖ ਤੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂ ਇਸ ਦੌਰੇ ਨੂੰ ਅਗਲੇ ਵਰੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਰਗ ਦੀਆਂ ਧਾਰਮਿਕ ਭਾਵਨਾਵਾਂ ਅਨੁਸਾਰ ਪੂਰੀ ਸ਼ਰਧਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ਧਿਰ ਸਮੇਤ ਹੋਰ ਪਾਰਟੀਆਂ ਅਤੇ ਪ੍ਰਮੁੱਖ ਵਿਅਕਤੀਆਂ ਵੱਲੋਂ ਆਦਮਪੁਰ ਏਅਰਪੋਰਟ ਦਾ ਨਾਮ ਬਦਲ ਕੇ ਸ੍ਰੀ ਗੁਰੂ ਰਵਿਦਾਸ ਏਅਰਪੋਰਟ ਰੱਖਣ ਦੀ ਮੰਗ ਕਰ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਏਅਰਪੋਰਟ ਦਾ ਨਾਮ ਬਦਲਣ ਦਾ ਐਲਾਨ ਵੀ ਕਰਨਗੇ। ਜਾਖੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਡੇਰਾ ਬੱਲਾਂ ਵਿੱਚ ਲਗਪਗ 40 ਮਿੰਟ ਰੁਕਣਗੇ। ਇਸ ਦੌਰਾਨ 10 ਮਿੰਟ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਸੂਬੇ ਦੀ ਭਾਜਪਾ ਲੀਡਰਸ਼ਿਪ ਨਾਲ ਵੀ ਗੱਲਬਾਤ ਕਰਨਗੇ।
Posted By: Daily Suraj Bureau