ਜੰਤਰ-ਮੰਤਰ ‘ਤੇ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਮੁੜ ਝੜਪ, ਅੱਥਰੂ ਗੈਸ ਦੇ ਗੋਲੇ ਛੱਡੇ
ਦਿੱਲੀ ਦੇ ਜੰਤਰ-ਮੰਤਰ ਨੇੜੇ ਬੁੱਧਵਾਰ ਰਾਤ ਕਰੀਬ 8:30 ਵਜੇ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਇੱਕ ਵਾਰ ਫਿਰ ਝੜਪ ਹੋ ਗਈ। “ਸੰਸਦ ਚਲੋ” ਮਾਰਚ ਤੋਂ ਦੋ ਦਿਨ ਬਾਅਦ ਪੂਰਾ ਦਿਨ ਮਾਹੌਲ ਸ਼ਾਂਤਮਈ ਰਿਹਾ, ਪਰ ਰਾਤ ਸਮੇਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਅਤੇ ਦੋਵਾਂ ਧਿਰਾਂ ਵਿਚਕਾਰ ਟਕਰਾਅ ਹੋਇਆ। ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਰੈਪਿਡ ਐਕਸ਼ਨ ਫੋਰਸ (RAF) ਨੂੰ ਤਾਇਨਾਤ ਕੀਤਾ ਗਿਆ। ਭੀੜ ਨੂੰ ਤਿਤਰ-ਬਿਤਰ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ, ਜਿਸ ਤੋਂ ਬਾਅਦ ਹਾਲਾਤ ਹੌਲੀ-ਹੌਲੀ ਆਮ ਹੋ ਗਏ। ਪੁਲਿਸ ਦੇ ਅਨੁਸਾਰ, ਕਨਾਟ ਪਲੇਸ ਦੇ ਟਾਲਸਟਾਏ ਮਾਰਗ ਨੇੜੇ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਰਮਚਾਰੀਆਂ ‘ਤੇ ਪੱਥਰਾਂ ਅਤੇ ਬੋਤਲਾਂ ਨਾਲ ਹਮਲਾ ਕੀਤਾ। ਇਸ ਦੌਰਾਨ ਕਨਾਟ ਪਲੇਸ ਦੇ ਏਸੀਪੀ ਵਿਵੇਕ ਭਗਤ ਜ਼ਖਮੀ ਹੋ ਗਏ। ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਘਟਨਾ ਨਾਲ ਸੰਬੰਧਿਤ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਕੁਝ ਪ੍ਰਦਰਸ਼ਨਕਾਰੀ ਲਾਠੀਆਂ ਲੈ ਕੇ ਪੁਲਿਸ ਅਧਿਕਾਰੀਆਂ ਵੱਲ ਵਧਦੇ ਅਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਇਹ ਝੜਪ ਲਗਭਗ 15 ਮਿੰਟ ਤੱਕ ਚੱਲੀ, ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਵਿੱਚ ਲਿਆ ਗਿਆ। ਜ਼ਿਕਰਯੋਗ ਹੈ ਕਿ ਕਾਕਰੋਚ ਜਨਤਾ ਪਾਰਟੀ ਵੱਲੋਂ 20 ਜੂਨ ਤੋਂ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 20 ਜੁਲਾਈ ਨੂੰ “ਸੰਸਦ ਮਾਰਚ” ਦੌਰਾਨ ਵੀ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਸੀ, ਜਦੋਂ ਪ੍ਰਦਰਸ਼ਨਕਾਰੀ ਸੰਸਦ ਦੇ ਗੇਟ ਨੇੜੇ ਪਹੁੰਚ ਗਏ ਸਨ। ਉਸ ਵੇਲੇ ਉਨ੍ਹਾਂ ਨੂੰ ਹਟਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ। ਇਸੇ ਦੌਰਾਨ ਵੀਰਵਾਰ ਸਵੇਰੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਦੇ 16 ਮੈਟਰੋ ਸਟੇਸ਼ਨ ਅਗਲੇ ਨੋਟਿਸ ਤੱਕ ਬੰਦ ਕਰ ਦਿੱਤੇ ਗਏ।
Posted By: Daily Suraj Bureau