ਓਡੀਸ਼ਾ ‘ਚ ਜਹਾਜ਼ ਹਾਦਸਾ; 9-ਸੀਟਰ ਜਹਾਜ਼ ਕ੍ਰੈਸ਼
ਬਚਾਅ ਤੇ ਰਾਹਤ ਟੀਮਾਂ ਮੌਕੇ ‘ਤੇ ਮੌਜੂਦ ਓਡੀਸ਼ਾ ਦੇ ਰੁੜਕੇਲਾ ਵਿੱਚ ਸ਼ਨੀਵਾਰ ਨੂੰ ਇੱਕ 9-ਸੀਟਰ ਚਾਰਟਰਡ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਛੇ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਚਾਰ ਯਾਤਰੀ ਅਤੇ ਦੋ ਪਾਇਲਟ ਸ਼ਾਮਲ ਸਨ। ਹਾਦਸੇ ‘ਚ ਜਹਾਜ਼ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਹ ਉਡਾਣ ਭੁਵਨੇਸ਼ਵਰ ਤੋਂ ਰੁੜਕੇਲਾ ਜਾ ਰਹੀ ਸੀ। ਇਹ ਹਾਦਸਾ ਰੁੜਕੇਲਾ ਤੋਂ 10 ਕਿਲੋਮੀਟਰ ਦੂਰ ਜਲਦਾ ਖੇਤਰ ਵਿੱਚ ਵਾਪਰਿਆ। ਹਾਦਸੇ ਦੀਆਂ ਤਸਵੀਰਾਂ ਵਿੱਚ VT KSS ਜਹਾਜ਼ ਦਾ ਅਗਲਾ ਹਿੱਸਾ ਨੁਕਸਾਨਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸਦੇ ਖੰਭਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਓਡੀਸ਼ਾ ਦੇ ਵਣਜ ਅਤੇ ਆਵਾਜਾਈ ਮੰਤਰੀ ਬੀ.ਬੀ. ਜੇਨਾ ਨੇ ਕਿਹਾ ਕਿ ਏ-1 ਸ਼੍ਰੇਣੀ ਦਾ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋਇਆ। ਦੱਸ ਦਈਏ ਕਿ ਹਾਦਸੇ ਤੋਂ ਤੁਰੰਤ ਬਾਅਦ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੇ ਸਹੀ ਕਾਰਨਾਂ ਦੀ ਅਧਿਕਾਰਤ ਤੌਰ ‘ਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੁਸ਼ਟੀ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
Posted By: Daily Suraj Bureau