125 ਸਾਲਾਂ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੀ ਫੌਜ ਦੀ ਅਗਵਾਈ ਮਹਿਲਾ ਕੋਲ
ਆਸਟ੍ਰੇਲੀਆ ਨੇ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮਹਿਲਾ ਨੂੰ ਫੌਜ ਦਾ ਮੁਖੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। 125 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੀ ਫੌਜ ਦੀ ਕਮਾਨ ਇੱਕ ਮਹਿਲਾ ਦੇ ਹੱਥਾਂ ਵਿੱਚ ਹੋਵੇਗੀ। ਲੈਫਟੀਨੈਂਟ ਜਨਰਲ ਸੂਸਨ ਕੋਇਲ ਜੁਲਾਈ ਮਹੀਨੇ ਤੋਂ ਆਰਮੀ ਚੀਫ਼ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣਗੇ। ਸਰਕਾਰ ਦੇ ਅਨੁਸਾਰ, ਉਹ ਮੌਜੂਦਾ ਆਰਮੀ ਚੀਫ਼ ਸਾਈਮਨ ਸਟੂਅਰਟ ਦੀ ਜਗ੍ਹਾ ਲੈਣਗੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਦੇਸ਼ ਦੇ 125 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮਹਿਲਾ ਨੂੰ ਫੌਜ ਮੁਖੀ ਬਣਾਇਆ ਜਾ ਰਿਹਾ ਹੈ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਸਨੂੰ ਇਕ ਇਤਿਹਾਸਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਹ ਫੈਸਲਾ ਮਹਿਲਾਵਾਂ ਲਈ ਪ੍ਰੇਰਣਾ ਦਾ ਸਰੋਤ ਸਾਬਤ ਹੋਵੇਗਾ। 55 ਸਾਲਾ ਸੂਸਨ ਕੋਇਲ ਨੇ 1987 ਵਿੱਚ ਫੌਜ ਵਿੱਚ ਭਰਤੀ ਹੋ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਦੌਰਾਨ ਉਹ ਕਈ ਉੱਚ ਅਹੁਦਿਆਂ ‘ਤੇ ਸੇਵਾ ਦੇ ਚੁੱਕੇ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਉਨ੍ਹਾਂ ਦੇ ਤਜਰਬੇ ਅਤੇ ਨੇਤ੍ਰਿਤਵ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਆਸਟ੍ਰੇਲੀਆਈ ਡਿਫੈਂਸ ਫੋਰਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਗਭਗ 21 ਫੀਸਦੀ ਹੈ, ਜਿਸਨੂੰ 2030 ਤੱਕ 25 ਫੀਸਦੀ ਤੱਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸਦੇ ਨਾਲ ਹੀ ਸਰਕਾਰ ਨੇ ਮਾਰਕ ਹੈਮੰਡ ਨੂੰ ਡਿਫੈਂਸ ਫੋਰਸ ਦਾ ਨਵਾਂ ਮੁਖੀ ਅਤੇ ਮੈਥਿਊ ਬਕਲੀ ਨੂੰ ਨੌਸੈਨਾ ਮੁਖੀ ਨਿਯੁਕਤ ਕੀਤਾ ਹੈ।
Posted By: Daily Suraj Bureau